ਮਲੇਰਕੋਟਲਾ: ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ 'ਚ ਪੜ੍ਹਨ ਵਾਲੀਆਂ ਸਾਰੀਆਂ ਵਿਦਿਆਰਥਣਾਂ ਦੇ ਸਿਰ ਮੌਤ ਦਾ ਖ਼ੌਫ਼ ਹਮੇਸ਼ਾ ਹੀ ਮੰਡਰਾਉਂਦਾ ਰਹਿੰਦਾ ਹੈ। ਸ਼ਹਿਰ 'ਚ ਕੁੜੀਆਂ ਲਈ ਬਣੇ ਇੱਕੋ-ਇੱਕ 'ਕੰਨਿਆ ਸੀਨੀਅਰ ਸਕੈਂਡਰੀ ਸਕੂਲ' ਦੀ ਇਮਾਰਤ ਬਹੁਤ ਹੀ ਖ਼ਸਤਾ ਹਾਲਤ 'ਚ ਹੈ।
ਭਾਵੇਂ ਸੂਬਾ ਸਰਕਾਰ ਵੱਲੋਂ ਸਕੂਲਾਂ ਦੀ ਹਾਲਤ ਨੂੰ ਸੁਧਾਰਨ ਲਈ ਕਦਮ ਚੁੱਕੇ ਜਾਣ ਦੀ ਗੱਲ ਕੀਤੀ ਜਾਂਦੀ ਹੈ ਪਰ ਜ਼ਮੀਨੀ ਪੱਧਰ 'ਤੇ ਹਕੀਕੀਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਦੱਸਣਯੋਗ ਹੈ ਕਿ 12ਵੀਂ ਤੱਕ ਬਣਿਆ ਕੰਨਿਆ ਸੀਨੀਅਰ ਸਕੈਂਡਰੀ ਸਕੂਲ, ਸ਼ਹਿਰ 'ਚ ਕੁੜੀਆਂ ਲਈ ਇੱਕਲੌਤਾ ਸਰਕਾਰੀ ਸਕੂਲ ਹੈ, ਜਿਸ ਵਿੱਚ ਸ਼ਹਿਰ ਦੇ ਨਾਲ ਨਾਲ ਪਿੰਡਾਂ ਤੋਂ ਵੀ ਵਿਦਿਆਰਥਣਾਂ ਪੜ੍ਹਨ ਆਉਂਦੀਆਂ ਹਨ। ਸਕੂਲ ਦੀ ਇਮਾਰਤ ਇੰਨੀ ਪੁਰਾਣੀ ਹੈ ਕਿ ਪੀਡਬਲਯੂਡੀ ਵਿਭਾਗ ਨੇ ਇਸ ਨੂੰ ਅਸੁਰੱਖਿਅਤ ਐਲਾਨ ਕੀਤਾ ਹੈ।
ਸਕੂਲ 'ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਮੀਂਹ ਸਮੇਂ ਪਾਣੀ ਉਨ੍ਹਾਂ ਦੀ ਜਮਾਤ ਅੰਦਰ ਆਉਂਦਾ ਹੈ ਅਤੇ ਸਕੂਲ ਦੀਆਂ ਕੰਧਾਂ ਚੋਣ ਲੱਗਦੀਆਂ ਹਨ। ਉਨਾਂ ਇਹ ਵੀ ਕਿਹਾ ਕਿ ਸਕੂਲ 'ਚ ਬੁਨਿਆਦੀ ਲੋੜਾਂ ਦੀ ਘਾਟ ਹੈ। ਵਿਦਿਆਰਥੀਆਂ ਦੇ ਕਹਿਣ ਅਨੁਸਾਰ ਕਮਰਿਆਂ 'ਚ ਰੌਸ਼ਨੀ ਨਾ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਾਈ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਗੱਲਬਾਤ ਕਰਦੇ ਸਕੂਲ ਦੇ ਅਧਿਆਪਕ ਮੁਹੰਮਦ ਅਨਵਰ ਨੇ ਦੱਸਿਆ ਕਿ ਸਕੂਲ ਦੀ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਹ ਕਦੇ ਵੀ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਮੁੱਖ ਅਧਿਆਪਕ ਵੱਲੋਂ ਸਰਕਾਰ ਨੂੰ ਸਕੂਲ ਦੀ ਨਵੀਂ ਇਮਾਰਤ ਬਣਾਉਣ ਲਈ ਅਪੀਲ ਕੀਤੀ ਗਈ ਹੈ ਅਤੇ ਜਲਦ ਹੀ ਇਸ ਸਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਕਦੋਂ ਤਕ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਮੌਤ ਦੇ ਖ਼ੌਫ਼ ਹੇਠ ਪੜ੍ਹਨਾ ਪਵੇਗਾ।
ਇਹ ਵੀ ਪੜ੍ਹੋ- ਤਿੰਨ ਤਲਾਕ ਬਿਲ ਤੋਂ ਖ਼ੁਸ਼ ਹਨ ਮੁਸਲਿਮ ਔਰਤਾਂ