ਮਲੇਰਕੋਟਲਾ: ਪੰਜਾਬ ਸੂਬੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਵਿਰੁੱਧ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਤਹਿਤ ਮਲੇਰਕੋਟਲਾ ਸ਼ਹਿਰ ਵਿੱਚ ਬਾਜ਼ਾਰ ਪੂਰਨ ਤੌਰ ਉੱਤੇ ਬੰਦ ਹਨ। ਜਿੱਥੇ ਕਿਸਾਨ ਆਗੂਆਂ ਤੇ ਸ਼ਹਿਰ ਦੇ ਲੋਕਾਂ ਵੱਲੋਂ ਲੁਧਿਆਣਾ ਪਟਿਆਲਾ ਮੁੱਖ ਮਾਰਗ ਬੰਦ ਕਰਕੇ ਕੇਂਦਰ ਦੀ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਮੁਸਲਿਮ ਭਾਈਚਾਰੇ ਵੱਲੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਲੰਗਰ ਲਗਾਇਆ ਗਿਆ ਹੈ।
ਸਿੱਖ ਆਗੂਆਂ ਤੇ ਕਿਸਾਨ ਜਥੇਬੰਦੀਆਂ ਨੇ ਮਲੇਰਕਟੋਲਾ ਦੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਧਰਨਾ ਦੇ ਰਹੇ ਕਿਸਾਨਾਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ। ਜੋ ਕਿ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਲੰਗਰ ਵਿੱਚ ਤੰਦੂਰੀ ਰੋਟੀਆਂ, ਦਾਲ ਸਬਜ਼ੀ ਤੇ ਚਾਹ ਵੀ ਨਾਲ ਦੀ ਨਾਲ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ।
ਇਸ ਨਾਲ ਹੀ ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਬੰਦ ਵਿੱਚ ਉਨ੍ਹਾਂ ਨੂੰ ਸੂਬਾ ਵਾਸੀਆਂ ਤੋਂ ਕਾਫੀ ਸਾਥ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਲੜਾਈ ਵਿੱਚ ਲੋਕ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਜੋ ਕਾਲਾ ਕਾਨੂੰਨ ਲੈ ਕੇ ਆ ਰਹੀ ਹੈ ਇਹ ਕਿਸਾਨ ਵਿਰੋਧੀ ਹੈ ਤੇ ਕਿਸਾਨੀ ਨੂੰ ਮਾਰਨ ਵਾਲਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸ਼ੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੀ।
ਇਹ ਵੀ ਪੜ੍ਹੋ;ਜਲੰਧਰ ਵਿੱਚ ਖੇਤੀ ਆਰਡੀਨੈਂਸਾ ਵਿਰੁੱਧ ਪੰਜਾਬ ਬੰਦ ਦਾ ਅਸਰ, ਕਿਸਾਨ ਜਥੇਬੰਦੀਆਂ ਦੇ ਸਮਰਥਨ 'ਚ ਸਫ਼ਾਈ ਯੂਨੀਅਨ