ਮਲੇਰਕੋਟਲਾ : ਹਲਕਾ ਅਮਰਗੜ੍ਹ ਦੇ ਪਿੰਡ ਮੁਹਾਲਾ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਸੜਕ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਣੀ ਖੜਾ ਰਹਿੰਦਾ ਹੈ। ਹਾਲਾਤ ਇੰਨੀ ਬੁਰੀ ਹੈ ਕੇ ਪਾਣੀ ਖੜਾ ਰਹਿਣ ਕਾਰਨ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਇਸ ਦਾ ਕੋਈ ਵੀ ਵਾਲੀ-ਵਾਰਸ ਨਜ਼ਰ ਨਹੀਂ ਆ ਰਿਹਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਮਾਮੂਲੀ ਬਾਰਸ਼ ਹੁੰਦੀ ਹੈ ਤਾਂ ਪਾਣੀ ਕਈ-ਕਈ ਮਹੀਨੇ ਸੜਕ ਉੱਪਰ ਖੜ੍ਹਾ ਰਹਿੰਦਾ ਹੈ ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਜੂਝ ਕੇ ਇੱਥੋਂ ਦੀ ਲੰਘਣਾ ਪੈਂਦਾ ਹੈ।
ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਲਈ ਵੀ ਇਹ ਹੀ ਮੁੱਖ ਰਸਤਾ ਹੈ ਉਨ੍ਹਾਂ ਨੂੰ ਮਜ਼ਬੂਰੀ ਵੱਸ ਇਸ ਬਦਬੂਦਾਰ ਪਾਣੀ ਚੋਂ ਦੀ ਲੰਘਣਾ ਪੈਂਦਾ ਹੈ ਦੂਸ਼ਿਤ ਪਾਣੀ ਕਾਰਨ ਪਿੰਡ ਚ ਬਿਮਾਰੀ ਫੈਲਣ ਦਾ ਵੀ ਖ਼ਦਸ਼ਾ ਹੈ ਕਈ ਵਾਰ ਬੱਚੇ ਅਤੇ ਬੁੱਢੇ ਇਸ ਗੰਦੇ ਪਾਣੀ ਵਿੱਚ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ ਨਗਰ ਨਿਵਾਸੀਆਂ ਦੀ ਮੰਗ ਹੈ ਕਿ ਸੜਕ ਉੱਪਰ ਬਣੇ ਛੱਪੜ ਦੇ ਨਿਕਾਸੀ ਪਾਣੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।
ਉੱਥੇ ਹੀ ਪਿੰਡ ਦੇ ਸਰਪੰਚ ਦੇ ਪਤੀ ਨੇ ਇਸ ਸਾਰੇ ਦਾ ਭਾਂਡਾ ਸਰਕਾਰ ਦੇ ਸਿਰ ਉੱਤੇ ਭੰਨਿਆ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਸਾਨੂੰ ਕੁੱਝ ਦੇਵੇਗੀ ਤਾਂ ਅਸੀਂ ਜ਼ਰੂਰ ਇਸ ਦਾ ਹੱਲ ਕਰਾਂਗੇ।