ਮਲੇਰਕੋਟਲਾ: ਵਿਧਾਨਸਭਾ ਹਲਕਾ ਅਮਰਗੜ੍ਹ (Assembly constituency Amargarh) ਤੋਂ ਟਿਕਟ ਦਾ ਦਾਅਵਾ ਕਰ ਰਹੇ ਧੂਰੀ ਨੇੜਲੇ ਪਿੰਡ ਲੱਡਾ ਦੇ ਮੌਜੂਦਾ ਸਰਪੰਚ ਅਤੇ ਯੂਥ ਕਾਂਗਰਸ ਦੇ ਸੈਕਟਰੀ ਮਿੱਠੂ ਲੱਡਾ ਨਾਲ ਕਿੰਨਰਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਹੈ।। ਮਿੱਠੂ ਲੱਡਾ ਵੱਲੋਂ ਕਾਂਗਰਸ ਹਾਈਕਮਾਂਡ ਤੋਂ ਟਿਕਟ ਦੀ ਮੰਗ ਨੂੰ ਲੈਕੇ ਆਪਣਾ ਪ੍ਰਭਾਵ ਬਣਾਉਣ ਦੇ ਮਕਸਦ ਨਾਲ ਪਿੰਡ ਉਪੋਕੀ ਦੇ ਇੱਕ ਪੈਲੇਸ 'ਚ ਪ੍ਰੋਗਰਾਮ ਰੱਖਿਆ ਗਿਆ ਅਤੇ ਇਸ ਦੌਰਾਨ ਕਾਫੀ ਲੋਕ ਇਕੱਠੇ ਵੀ ਹੋਏ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਮੁਕੇਸ਼ ਕੁਮਾਰ ਜਦੋਂ ਮਹਿਲ ਦੇ ਮੇਨ ਗੇਟ 'ਤੇ ਪੁੱਜੇ ਤਾਂ ਸਿਮਰਨ ਮਹੰਤ (Simran Mahant) ਪਟਿਆਲਾ ਜੋ ਪਹਿਲਾਂ ਹੀ ਆਪਣੇ ਸਾਥੀਆਂ ਸਮੇਤ ਉਥੇ ਪਹੁੰਚ ਗਏ ਸਨ, ਨੇ ਮਿੱਠੂ ਲੱਡਾ ਵੱਲੋਂ ਆਪਣੇ ਨਾਲ ਕੀਤੀ ਗਈ ਧੋਖਾਧੜੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਿੱਠੂ ਲੱਡਾ ਨੂੰ ਟਿਕਟ ਨਾ ਦਿੱਤੀ ਜਾਵੇ। ਉਨ੍ਹਾਂ ਕਾਂਗਰਸ ਇੰਚਾਰਜ ਨੂੰ ਦੱਸਿਆ ਕਿ ਟਿਕਟ ਦੀ ਮੰਗ ਕਰਨ ਵਾਲੇ ਮਿੱਠੂ ਲੱਡਾ ਵੱਲੋਂ ਉਸ ਨਾਲ ਧੋਖਾ ਕੀਤਾ ਗਿਆ ਅਤੇ ਪੰਜਾਹ ਲੱਖ ਦੀ ਠੱਗੀ ਮਾਰੀ ਗਈ ਹੈ।
ਸਿਮਰਨ ਮਹੰਤ ਅਤੇ ਉਸ ਦੇ ਪੂਰੇ ਪਰਿਵਾਰ ਵੱਲੋਂ ਕੀਤੇ ਗਏ ਵਿਆਹ ਅਤੇ ਮਿੱਠੂ ਲੱਡਾ ਦਾ ਸਿਮਰਨ ਮਹੰਤ (Simran Mahant) ਨਾਲ ਵਿਆਹ ਸਮੇਤ ਦੋਵਾਂ ਦੀਆਂ ਇਕੱਠੀਆਂ ਕਈ ਤਸਵੀਰਾਂ ਅਤੇ ਵੀਡੀਓ ਦੇਖ ਕੇ ਲੋਕ ਹੈਰਾਨ ਰਹਿ ਗਏ। ਮਿੱਠੂ ਲੱਡਾ ਦੇ ਪ੍ਰੋਗਰਾਮ ਵਿੱਚ ਪ੍ਰਬੰਧਕਾਂ ਵੱਲੋਂ ਮੇਨ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ। ਜਿੰਨਾ ਚਿਰ ਇਹ ਪ੍ਰੋਗਰਾਮ ਚੱਲਦਾ ਰਿਹਾ, ਮਹੰਤਾਂ ਵੱਲੋਂ ਮਿੱਠੂ ਲੱਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਸਿਮਰਨ ਮਹੰਤ ਨੇ ਮਿੱਠੂ ਲੱਡਾ (Mithu Ladda) ਨਾਲ ਵਿਆਹ ਕਰਵਾ ਕੇ ਉਸ ਨਾਲ ਠੱਗੀ ਮਾਰਨ ਦੀ ਕਹਾਣੀ ਸੁਣਾਈ। ਓਧਰ ਦੂਜੇ ਪਾਸੇ ਇਸ ਮਸਲੇ ਸਬੰਧੀ ਮਿੱਠੂ ਲੱਡਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੱਲੋਂ ਪੈਸੇ ਦੇ ਕੇ ਭੇਜਿਆ ਗਿਆ ਹੋ ਸਕਦਾ ਹੈ ਤਾਂ ਕਿ ਉਸਨੂੰ ਮਿਲਣ ਵਾਲੀ ਟਿਕਟ ’ਤੇ ਪ੍ਰਭਾਅ ਪੈ ਸਕੇ।
ਓਧਰ ਦੂਜੇ ਪਾਸੇ ਕਾਂਗਰਸ ਇੰਚਾਰਜ ਨੇ ਦੱਸਿਆ ਕਿ ਮਿੱਠੂ ਲੱਡਾ ਦਾ ਕੋਈ ਪਰਿਵਾਰਿਕ ਮਸਲਾ ਹੈ ਜੋ ਕਿ ਅਦਾਲਤ ਵਿੱਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ