ਮਲੇਰਕੋਟਲਾ: ਕਰਫਿਊ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਲੜੀ ਜਾ ਰਹੀ ਜੰਗ ਵਿੱਚ ਡਾਕਟਰ ਤੇ ਪੁਲਿਸ ਮੁਲਾਜ਼ਮ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਮਹਿਕਮਾ ਹੈ ਜੋ ਇਸ ਮਾੜੀ ਸਥਿਤੀ ਵਿੱਚ ਲੋਕਾਂ ਨੂੰ ਹਰ ਇੱਕ ਪਲ ਦੀ ਜਾਣਕਾਰੀ ਦੇ ਰਿਹਾ ਹੈ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿੱਥੇ ਡਾਕਟਰਾਂ, ਨਰਸਾਂ ਅਤੇ ਪੁਲਿਸ ਮੁਲਾਜ਼ਮਾਂ ਅਧਿਕਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਉਥੇ ਹੀ ਮਲੇਰਕੋਟਲਾ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸ਼ਹਿਰ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਉਨ੍ਹਾਂ ਪੱਤਰਕਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਹੜੇ ਪੱਤਰਕਾਰ ਲਗਾਤਾਰ ਘਰਾਂ ਤੋਂ ਬਾਹਰ ਰਹਿ ਕੇ ਫੀਲਡ ਵਿੱਚ ਜਾ ਕੇ ਲੋਕਾਂ ਤੱਕ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਮਲੇਰਕੋਟਲਾ ਸ਼ਹਿਰ ਦੇ ਸੀਨੀਅਰ ਭਾਜਪਾ ਆਗੂਆਂ ਵੱਲੋਂ ਜਿੱਥੇ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਨਾਲ ਹੀ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂਆਂ ਨੇ ਕਿਹਾ ਕਿ ਫੀਲਡ ਵਿੱਚ ਰਹਿ ਕੇ ਆਪਣੇ ਘਰ ਤੋਂ ਦੂਰ ਜੋ ਜ਼ਿੰਮੇਵਾਰੀ ਮੀਡੀਆ ਨਿਭਾ ਰਿਹਾ ਹੈ, ਉਹ ਸ਼ਲਾਘਾਯੋਗ ਹੈ।
ਇਸ ਮੌਕੇ ਮਲੇਰਕੋਟਲਾ ਪੱਤਕਾਰ ਕਲੱਬ ਦੇ ਪ੍ਰਧਾਨ ਜਮੀਲ ਖੇੜੀਵਾਲਾ ਵੱਲੋਂ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਮਾਨ-ਸਨਮਾਨ ਮਿਲਣ ਤੋਂ ਬਾਅਦ ਉਹ ਹੋਰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ।