ਅੰਮ੍ਰਿਤਸਰ: ਅੱਜ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਵਾਂ ਫੋਰਮਾਂ ਵੱਲੋਂ ਦੇਸ਼ ਵਿਆਪੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਜਿੱਥੇ ਪੰਜਾਬ ਦੇ ਜਿੰਨੇ ਵੀ ਕਾਰਪੋਰੇਟ ਦੇ ਸੈਲੋਜ ਨੇ ਤੇ ਸ਼ੋਪਿੰਗ ਮਾਲ ਹਨ ਉਥੇ ਮਾਰਚ ਕੱਢਿਆ ਜਾਵੇਗਾ।
ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਮਾਰਚ
ਇਸ ਤਹਿਤ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਅਲਫ਼ਾ ਵਨ ਮਾਲ ਦੇ ਬਾਹਰ ਵੀ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਟਰੈਕਟਰ ਲੈਕੇ ਪਹੁੰਚੇ। ਇਸ ਮੌਕੇ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਕੱਢੇ ਜਾ ਰਹੇ ਟਰੈਕਟਰਾਂ ਨੂੰ ਦੇਸ਼ ਭਰ ਵਿੱਚ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਐਮ ਐਸ ਪੀ ਅਤੇ ਹੋਰਨਾਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਪ੍ਰਧਾਨ ਮੰਤਰੀ ਮੋਦੀ ਨੂੰ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਕਿਸਾਨ ਅੱਜ ਵੀ ਧਰਨੇ ਦਸੇ ਰਹੇ ਹਨ। ਸ਼ੁਭਕਰਨ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲੀ ਡੱਲੇਵਾਲ ਦੀ ਸਰਕਾਰ ਨੇ ਸਾਰ ਨਹੀਂ ਲਈ, ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਕਿਸਾਨਾਂ ਅਤੇ ਕਾਰੋਬਾਰੀਆਂ ਦੇ ਸੰਵਿਧਾਨ ਨੂੰ ਵੱਖ ਮੰਨਦੀ ਹੈ।
ਬਠਿੰਡਾ ਦਾ ਟਰੈਕਟਰ ਮਾਰਚ
ਉਥੇ ਹੀ ਬਠਿੰਡਾ ਵਿਖੇ ਵੀ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਸੜਕਾਂ ਦੇ ਕਿਨਾਰੇ ਖੜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਦੇ ਉੱਤੇ ਕਿਸਾਨੀ ਝੰਡੇ ਦੇ ਝੰਡੇ ਵੀ ਲਗਾਏ ਗਏ ਹਨ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰੱਦ ਕੀਤੇ ਗਏ ਤਿੰਨ ਖੇਤੀਬਾੜੀ ਬਿੱਲ ਟੇਢੇ ਢੰਗ ਨਾਲ ਸੂਬਾ ਸਰਕਾਰਾਂ ਤੋਂ ਲਾਗੂ ਕਰਾਉਣ ਲਈ ਖਰੜਾ ਭੇਜਿਆ ਗਿਆ ਹੈ, ਜਿਸ ਨੂੰ ਕਿਸੇ ਵੀ ਹਾਲਾਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਾਰਪੋਰਟ ਘਰਾਣਿਆਂ ਦੇ ਹੱਕਾਂ ਵਿੱਚ ਭੁਗਤ ਰਹੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।