ਸੰਗਰੂਰ: ਅੰਤਰਰਾਸ਼ਟਰੀ ਬੌਕਸਰ ਕੌਰ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਖਨਾਲ ਵਿਖੇ ਕੀਤਾ ਗਿਆ। ਮਰਹੂਮ ਕੌਰ ਸਿੰਘ ਪਦਮ ਸ਼੍ਰੀ ਅਤੇ ਅਰਜੁਨ ਐਵਾਰਡ ਆਪਣੇ ਨਾਮ ਕਰ ਚੁੱਕੇ ਸਨ। ਦੱਸ ਦਈਏ ਕਿ ਕੌਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਆਖਿਰਕਾਰ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਅੰਤਰਾਸ਼ਟਰੀ ਪੱਧਰ ਉੱਤੇ ਮੁੱਕੇਬਾਜ਼ੀ: ਕੌਮਾਂਤਰੀ ਮੁਕੇਬਾਜ਼ ਕੌਰ ਸਿੰਘ ਨੇ ਆਪਣੇ ਜੀਵਨ ਦੀ ਸ਼ੁਰੂਆਤ ਦੇਸ਼ ਦੀ ਆਰਮੀ ਤੋਂ ਕੀਤੀ। ਕੌਰ ਸਿੰਘ ਨੇ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ ਉਸ ਤੋਂ ਬਾਅਦ ਬੌਕਸਿੰਗ ਵਿੱਚ ਨਾ ਦਰਜ ਹੋਣ ਕਾਰਨ ਉਨ੍ਹਾਂ ਨੇ ਇਸ ਖੇਡ ਨੂੰ ਸ਼ੁਰੂ ਕਰ ਦਿੱਤਾ ਅਤੇ ਇਸੇ ਖੇਡ ਨੂੰ ਜ਼ਿੰਦਗੀ ਬਣਾ ਲਿਆ। ਬੌਕਸਿਗ ਵਿੱਚ ਕੌਰ ਸਿੰਘ ਇੱਕ ਤੋਂ ਬਾਅਦ ਇੱਕ ਮੈਡਲ ਜਿੱਤਦੇ ਰਹੇ। ਜ਼ਿਲ੍ਹੇ ਵਿੱਚ ਉਹਨਾਂ ਨੇ ਕਈ ਗੋਲਡ ਮੈਡਲ ਵੀ ਜਿੱਤੇ ਅਤੇ ਅਰਜਨ ਅਵਾਰਡ ਵੀ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤਾ ਗਿਆ। ਕੌਰ ਸਿੰਘ ਦੇ ਫੌਜੀ ਸਾਥੀਆਂ ਅਤੇ ਪਿੰਡ ਵਾਸੀਆਂ ਨੇ ਸਸਕਾਰ ਮੌਕੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਮਿਹਨਤੀ ਸਨ ਅਤੇ ਅੰਤਰਾਸ਼ਟਰੀ ਪੱਧਰ ਉੱਤੇ ਮੁੱਕੇਬਾਜ਼ੀ ਕਰਨ ਲਈ ਭਾਵੇਂ ਉਨ੍ਹਾਂ ਕੋਲ ਵਾਜਿਬ ਸਾਧਨ ਨਹੀਂ ਸਨ, ਪਰ ਫਿਰ ਵੀ ਉਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ।
ਕੌਰ ਸਿੰਘ ਦੀ ਬਣੇਗੀ ਯਾਦਗਾਰ: ਦੱਸ ਦਈਏ ਮੁੱਕੇਬਾਜ਼ ਕੌਰ ਸਿੰਘ ਨੇ ਸਰਕਾਰਾਂ ਦੀ ਅਣਦੇਖੀ ਕਰਕੇ ਭਾਵੇਂ ਜੀਵਨ ਦਾ ਲੰਮਾਂ ਸਮਾਂ ਗਰੀਬੀ ਵਿੱਚ ਕੱਟਿਆ ਪਰ ਉਨ੍ਹਾਂ ਦੀਆਂ ਉਪਲੱਬਧੀਆਂ ਉੱਤੇ ਇੱਕ ਬਾਇਓਪਿਕ ਵੀ ਬਣ ਚੁੱਕੀ ਹੈ। ਕੌਰ ਸਿੰਘ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੂਰੀ ਦੁਨੀਆਂ ਵਿਚ ਆਪਣਾ ਨਾਮ ਰੋਸ਼ਨ ਕਰ ਚੁੱਕੇ ਹਨ। ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਜਿੱਥੇ ਇਲਾਕੇ ਦੇ ਮੌਹਤਬਰ ਅਤੇ ਪ੍ਰਸ਼ਾਸਨਿਕ ਅਫਸਰ ਪਹੁੰਚੇ ਉੱਥੇ ਹੀ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਪਹੁੰਚੇ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਅਰਜੁਨ ਅਵਾਰਡੀ ਕੌਰ ਸਿੰਘ ਨੇ ਮੁੱਕੇਬਾਜ਼ੀ ਦੇ ਖੇਤਰ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਸੀਮਤ ਵਸੀਲੇ ਹੋਣ ਦੇ ਬਾਵਜੂਦ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੌਰ ਸਿੰਘ ਦੇ ਕਿਰਦਾਰ ਤੋਂ ਇਹ ਸੇਧ ਲੈਣ ਦੀ ਜ਼ਰੂਰਤ ਹੈ ਕਿ ਜ਼ਿੰਦਗੀ ਵਿੱਚ ਵੱਡਾ ਇਨਸਾਨ ਬਣ ਕੇ ਵੀ ਇੱਕ ਆਮ ਆਦਮੀ ਦੀ ਤਰ੍ਹਾਂ ਕਿਸੇ ਤਰ੍ਹਾਂ ਜੀਵਨ ਬਤੀਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮਰਜ਼ੀ ਮੁਤਾਬਿਕ ਕੌਰ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਲੈਬਸ ਵਿੱਚ ਵੀ ਕੌਰ ਸਿੰਘ ਦੇ ਕਿਰਦਾਰ ਨੂੰ ਪੜ੍ਹਾਇਆ ਜਾਵੇਗਾ।
ਇਹ ਵੀ ਪੜ੍ਹੋ: ਸੂਬੇ ਦੇ ਪੰਜ ਕਾਲਜਾਂ 'ਚੋਂ ਬੀਐਸਸੀ ਖੇਤੀਬਾੜੀ ਆਨਰਸ ਦਾ ਕੋਰਸ ਬੰਦ, ਕੋਰਸ ਬੰਦ ਹੋਣ ਤੋਂ ਨਹੀਂ ਬਚਾ ਸਕੀ ਪੰਜਾਬ ਸਰਕਾਰ