ਚੰਡੀਗੜ੍ਹ: ਫੇਸਬੁੱਕ ਉੱਤੇ ਦੋਸਤੀ ਅਤੇ ਉਸ ਤੋਂ ਬਾਅਦ ਧੋਖਾ, ਅਕਸਰ ਹੀ ਅਜਿਹੀਆਂ ਖ਼ਬਰਾਂ ਚਰਚਾ ਵਿੱਚ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੀ ਰਹਿਣ ਵਾਲੀ ਲੜਕੀ ਨਾਲ ਅਜਿਹਾ ਹੋਇਆ ਹੈ। ਪੀੜਤ ਲੜਕੀ ਨੇ ਆਪਣੀ ਹੱਡਬੀਤੀ ਚੰਡੀਗੜ੍ਹ ਵਿਖੇ ਜਾ ਕੇ ਪ੍ਰੈਸ ਕਾਨਫਰੰਸ ਕਰ ਕੇ ਸਾਂਝੀ ਕੀਤੀ।
ਲੜਕੀ ਨੇ ਦੱਸਿਆ ਕਿ 2 ਸਾਲ ਪਹਿਲਾਂ 2017 ਵਿੱਚ ਉਸ ਦੀ ਫੇਸਬੁੱਕ ਰਾਹੀਂ ਸੰਗਰੂਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਦੋਸਤੀ ਹੋਈ, ਜੋ ਕਿ ਪਿਆਰ ਵਿੱਚ ਬਦਲ ਗਈ। ਉਸ ਨੇ ਦੱਸਿਆ ਕਿ ਉਹ 2 ਸਾਲਾਂ ਤੋਂ ਇੱਕਠੇ ਰਹਿ ਰਹੇ ਸਨ। ਜਦੋਂ ਉਸ ਨੇ ਗੁਰਪ੍ਰੀਤ ਨੂੰ ਵਿਆਹ ਬਾਰੇ ਕਿਹਾ ਤਾਂ ਉਹ ਟਾਲਦਾ ਰਿਹਾ, ਫਿਰ ਆਖ਼ਰ ਉਹ 22 ਸਤੰਬਰ 2019 ਵਿੱਚ ਮੰਗਣੀ ਕਰਵਾਉਣ ਲਈ ਮੰਨ ਗਿਆ। ਲੜਕੀ ਨੇ ਦੱਸਿਆ ਕਿ ਸੰਗਰੂਰ ਦੇ ਇੱਕ ਹੋਟਲ ਵਿੱਚ ਪਰਿਵਾਰਾਂ ਦੀ ਮੌਜੂਦਗੀ ਵਿੱਚ ਮੰਗਣੀ ਹੋਈ।
ਲੜਕੀ ਨੇ ਦੱਸਿਆ ਕਿ ਇਸ ਤੋਂ ਬਾਅਦ ਕੁੱਝ ਸਮਾਂ ਪੈ ਜਾਣ 'ਤੇ, ਜਦੋਂ ਫਿਰ ਉਸ ਨੇ ਗੁਰਪ੍ਰੀਤ ਨੂੰ ਵਿਆਹ ਲਈ ਜ਼ੋਰ ਪਾਇਆ ਤਾਂ, ਉਸ ਨੇ 5 ਲੱਖ ਰੁਪਏ ਦਹੇਜ ਦੀ ਮੰਗ ਕੀਤੀ। ਲੜਕੀ ਨੇ ਦੱਸਿਆ ਕਿ ਉਹ ਇੰਨੇ ਪੈਸੇ ਨਹੀਂ ਦੇ ਸਕਦੀ ਤੇ ਗੁਰਪ੍ਰੀਤ ਉਸ ਕੋਲੋ 1 ਲੱਖ ਦੇ ਸੋਨੇ ਦੇ ਗਹਿਣੇ ਲੈ ਕੇ ਵਿਆਹ ਲਈ ਮਨਾਂ ਕਰ ਕੇ ਚਲਾ ਗਿਆ।
ਇਹ ਵੀ ਪੜ੍ਹੋ: ਕੇਂਦਰ ਨੇ ਏਅਰ ਇੰਡੀਆ ਦੀ ਵਿਨਿਵੇਸ਼ ਪ੍ਰਕਿਰਿਆ ਦੀ ਕੀਤੀ ਸ਼ੁਰੂਆਤ
ਲੜਕੀ ਨੇ ਮੁਲਜ਼ਮ ਲੜਕੇ ਗੁਰਪ੍ਰੀਤ ਸਿੰਘ ਉੱਤੇ ਦੋਸ਼ ਲਗਾਏ ਕਿ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ ਹੈ ਤੇ ਹੁਣ ਉਹ 29 ਜਨਵਰੀ ਨੂੰ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ।
ਉੱਥੇ ਹੀ ਲੜਕੀ ਨੇ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ ਅਤੇ ਉਸ ਨੇ ਦੱਸਿਆ ਕਿ ਉਹ ਸੰਗਰੂਰ ਵਿਖੇ ਡੀਐਸਪੀ ਤੇ ਐਸਐਸਪੀ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪੀੜਤ ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਲਈ ਇਨਸਾਫ਼ ਦੀ ਮੰਗ ਕੀਤੀ ਤੇ ਗੁਰਪ੍ਰੀਤ ਉੱਤੇ ਜਲਦ ਹੀ ਕਾਨੂੰਨੀ ਕਾਰਵਾਈ ਕਰਨ ਦੀ ਪੁਲਿਸ ਕੋਲੋਂ ਗੁਹਾਰ ਲਗਾਈ।