ਸੰਗਰੂਰ: ਅੱਜ ਯਾਨੀ ਸ਼ਨੀਵਾਰ ਨੂੰ ਮੁਸਲਿਮ ਭਾਈਚਾਰੇ ਦੀ ਈਦ-ਉਲ-ਜ਼ੁਹਾ ਯਾਨੀ ਕਿ ਬਕਰੀਦ ਹੈ। ਇਸ ਮੌਕੇ ਮਲੇਰਕੋਟਲਾ ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਨੇ ਘਰਾਂ ਵਿੱਚ ਹੀ ਸ਼ਰਧਾ ਭਾਵ ਨਾਲ ਨਮਾਜ਼ ਅਦਾ ਕਰਕੇ ਈਦ ਮਨਾਈ ਜਿਸ ਦਾ ਸਾਰਾ ਪ੍ਰਬੰਧ ਹਿੰਦੂ ਭਾਈਚਾਰੇ ਵੱਲੋਂ ਕੀਤਾ ਗਿਆ।
ਹਿੰਦੂ ਸਮੂਹ ਦੇ ਮਹੰਤ ਦਾਸ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਦੂਸਰੇ ਦੇ ਤਿਉਹਾਰ ਨੂੰ ਮਨਾਉਂਦੇ ਹਾਂ ਤਾਂ ਉਸ ਵੇਲੇ ਬੜੀ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਲੇਰਕਟੋਲਾ ਵਿੱਚ ਇਹ ਰੀਤ ਸਦੀਆਂ ਤੋਂ ਚੱਲਦੀ ਆ ਰਹੀ ਹੈ ਤੇ ਇਸ ਤਰ੍ਹਾਂ ਚਲਦੀ ਰਹੇਗੀ।
ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਜੋ ਹਿੰਦੂ ਭਾਈਚਾਰੇ ਨੇ ਅੱਜ ਸਾਡੇ ਲਈ ਕੀਤਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਈਦ ਮੌਕੇ ਨਮਾਜ਼ ਅਦਾ ਕਰਨ ਦਾ ਪੂਰਾ ਪ੍ਰਬੰਧ ਮਸਜਿਦ ਵਿੱਚ ਹੁੰਦਾ ਹੈ ਪਰ ਇਸ ਵਾਰ ਕੋਰੋਨਾ ਕਰਕੇ ਉਹ ਮਸਜਿਦ ਨਹੀਂ ਜਾ ਸਕੇ। ਇਸ ਲਈ ਹਿੰਦੂ ਭਾਈਚਾਰੇ ਨੇ ਘਰਾਂ ਵਿੱਚ ਹੀ ਨਮਾਜ਼ ਅਦਾ ਕਰਨ ਦਾ ਪੂਰਾ ਪ੍ਰਬੰਧ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਹਿੰਦੂ ਭਾਈਚਾਰੇ ਦੇ ਰਿਣੀ ਹਨ।
ਇਹ ਵੀ ਪੜ੍ਹੋ:ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਯਾ ਸਿੰਘ ਜੀ ਦਾ ਹੋਇਆ ਦੇਹਾਂਤ