ਮਲੇਰਕੋਟਲਾ: ਸਿਹਤ ਵਿਭਾਗ ਵੱਲੋਂ ਡੇਂਗੂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਅਧੀਨ ਹਲਕਾ ਅਮਰਗੜ੍ਹ ਦਾ ਜਾਇਜ਼ਾ ਲਿਆ ਗਿਆ। ਡੇਂਗੂ ਦੇ ਪਨਪਦੇ ਹੋਏ ਲਾਰਵੇ ਨੂੰ ਰੋਕਣ ਲਈ ਹਲਕਾ ਅਮਰਗੜ੍ਹ ਵਿਖੇ ਸਿਹਤ ਵਿਭਾਗ ਦੀਆਂ ਅੱਠ ਟੀਮਾਂ ਨੇ ਅਮਰਗੜ੍ਹ ਦੇ ਘਰਾਂ, ਦੁਕਾਨਾਂ, ਗਊਸ਼ਾਲਾ ਸਮੇਤ ਖ਼ਾਲੀ ਪਈਆਂ ਥਾਵਾਂ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਕਰ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਹੀ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ।
ਜਾਣਕਾਰੀ ਸਾਂਝੀ ਕਰਦਿਆਂ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਜਗਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸੰਗਰੂਰ ਜ਼ਿਲ੍ਹੇ 'ਚ ਡੇਂਗੂ ਦੇ 1704 ਕੇਸ ਪਾਏ ਗਏ ਸਨ ਪਰ ਇਸ ਵਾਰ ਅਸੀਂ ਲੋਕਾਂ ਨੂੰ ਡੇਂਗੂ ਅਭਿਆਨ ਚਲਾ ਕੇ ਜਾਗਰੂਕ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਕਿ ਬਰਤਨਾਂ, ਕੂਲਰਾਂ ਤੇ ਹੋਰ ਸਮਾਨ 'ਚ ਮੀਂਹ ਦਾ ਜਾਂ ਸਾਫ਼ ਪਾਣੀ ਨਾ ਖੜਨ ਦਿੱਤਾ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਨਾਂ ਪਨਪ ਸਕੇ। ਉਨ੍ਹਾਂ ਦੱਸਿਆ ਕਿ ਜਿਹੜੇ ਇਲਾਕਿਆਂ ਚ ਪਾਣੀ ਖੜਾ ਪਾਇਆ ਗਿਆ ਉਸ ਨੂੰ ਡੱਲਵਾ ਦਿੱਤਾ ਗਿਆ ਅਤੇ ਜਿਨ੍ਹਾਂ ਥਾਵਾਂ ਤੇ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ ਉਨ੍ਹਾਂ ਦੇ ਨਗਰ ਪੰਚਾਇਤ ਵੱਲੋਂ ਚਲਾਨ ਕੱਟੇ ਗਏ ਹਨ।
ਇਹ ਵੀ ਪੜ੍ਹੋ-ਜਾਸੂਸੀ ਦੇ ਸ਼ੱਕ 'ਚ ਨੌਜਵਾਨ ਪੁਲਿਸ ਅੜਿੱਕੇ, 3 ਦਿਨਾਂ ਦਾ ਪੁਲਿਸ ਰਿਮਾਂਡ
ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਉਨ੍ਹਾਂ ਥਾਂ-ਥਾਂ 'ਤੇ ਪੋਸਟਰ ਲਗਵਾਏ ਅਤੇ ਲੋਕਾਂ ਨੂੰ ਇੱਕਠਾ ਕਰ ਡੇਂਗੂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਪੰਜਾਬ ਚ ਥਾਂ ਥਾਂ ਤੇ ਪਾਣੀ ਖੜਨ ਕਾਰਨ ਡੇਂਗੂ ਦੀ ਸਮੱਸਿਆ ਆਮ ਹੈ ਅਤੇ ਸਿਹਤ ਵਿਭਾਗ ਵੱਲੋਂ ਡੇਂਗੂ ਵਿਰੁੱਧ ਵਿੱਢੀ ਗਈ ਇਹ ਮੁਹਿੰਮ ਸ਼ਲਾਘਾਯੋਗ ਹੈ।