ਸੰਗਰੂਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਪੰਜਾਬ ਦਾ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਸੀਐਮ ਚਿਹਰਾ ਐਲਾਨਿਆ ਗਿਆ ਹੈ। ਕੇਜਰੀਵਾਲ ਦੇ ਐਲਾਨ ਤੋਂ ਬਾਅਦ ਆਪ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸਦੇ ਨਾਲ ਹੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਵਿਆਹ ਵਰਗਾ ਮਾਹੌਲ ਦਿਖਾਈ ਦਿੱਤਾ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਭਗਵੰਤ ਮਾਨ ਦੇ ਪਿੰਡ ਉਨ੍ਹਾਂ ਦੇ ਘਰ ਪਹੁੰਚੀ । ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਘਰ ਵਿੱਚ ਇਕੱਠੇ ਹੋਏ ਵਿਖਾਈ ਦਿੱਤੇ ਅਤੇ ਇਸ ਦੌਰਾਨ ਆਪ ਵਰਕਰਾਂ ਤੇ ਆਮ ਲੋਕਾਂ ਵੱਲੋਂ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਲਗਾਏ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਕਾਫੀ ਪੱਛੜਿਆ ਇਲਾਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਸੀਐਮ ਬਣੇਗਾ ਤੇ ਪੰਜਾਬ ਅਤੇ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਕਰੇਗਾ।
ਜਿਕਰਯੋਗ ਹੈ ਕਿ ਐਲਾਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਦੂਜੀਆਂ ਰਿਵਾਇਤੀ ਪਾਰਟੀਆਂ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਸੀਐੱਮ ਉਮੀਦਵਾਰ ਬਣਾਉਂਦੀਆਂ ਹਨ ਪਰ ਭਗਵੰਤ ਮਾਨ ਉਨ੍ਹਾਂ ਦੇ ਭਰਾ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਹ ਵੀ ਉਨ੍ਹਾਂ ਨੂੰ ਸੀਐੱਮ ਐਲਾਨ ਦਿੰਦੇ ਤਾਂ ਲੋਕ ਕਹਿੰਦੇ ਕਿ ਮੈਂ ਬਾਕੀ ਪਾਰਟੀਆਂ ਵਾਂਗ ਆਪਣੇ ਭਰਾ ਨੂੰ ਸੀਐੱਮ ਚਿਹਰੇ ਵਜੋਂ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਨ੍ਹਾਂ ਵੱਲੋਂ ਸਰਵੇ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਮਾਹੌਲ ਦਿਖ ਰਿਹਾ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਇਹ ਵੀ ਪੜ੍ਹੋ: AAP ਨੇ ਭਗਵੰਤ ਮਾਨ ਨੂੰ ਬਣਾਇਆ CM ਉਮੀਦਵਾਰ