ਸੰਗਰੂਰ: ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ 'ਚ ਕੀਤੇ ਜਾ ਰਹੇ ਬਦਲਾਅ ਵਿਰੁੱਧ ਸਖਤ ਨਰਾਜਗੀ ਪ੍ਰਗਟ ਕਰਦਿਆਂ ਸੈਂਕੜੇ ਅਧਿਆਪਕਾਂ ਨੇ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਇਕਾਈ ਮੂਣਕ ਦੀ ਅਗਵਾਈ ਵਿੱਚ ਸ਼ਹਿਰ ਦੇ ਮੁੱਖ ਚੌਂਕ 'ਚ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੂਤਲਾ ਫੂਕਿਆ। ਅਧਿਆਪਕ ਮੁੱਖ ਤੌਰ ਤੇ ਨਵੀਂ ਸਿੱਖਿਆ ਨੀਤੀ ਰਾਹੀ ਸਿੱਖਿਆ ਦੇ ਮੁਕੰਮਲ ਨਿੱਜੀਕਰਨ ਅਤੇ ਵਿਭਾਗ ਵਿੱਚੋਂ ਗੁਪਤ ਢੰਗ ਨਾਲ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਸਮਾਪਤ ਕੀਤੇ ਜਾਣ ਤੋਂ ਸਖਤ ਗੁੱਸੇ ਵਿੱਚ ਸਨ।
ਇਸ ਮੌਕੇ ਇੱਕਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਲਵੱਟੀ ਨੇ ਸਿੱਖਿਆ ਵਿਭਾਗ ਵੱਲੋਂ ਬੇਮੌਕਾ ਕੀਤੀ ਜਾ ਰਹੀ ਰੈਸਨੇਲਾਈਜੇਸ਼ਨ, ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ, 5178 ਅਧਿਆਪਕਾਂ ਦੇ ਮਸਲੇ ਹੱਲ ਕਰਨ ਅਤੇ ਐਸ ਐਸ ਏ/ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਵਾਪਸ ਕਰਵਾਉਣ, ਡੀਏ ਦੀਆਂ ਕਿਸ਼ਤਾਂ ਜਾਰੀ ਕਰਵਾਉਣ, 3582 ਦੀਆਂ ਬਦਲੀਆਂ ਤੇ ਰੋਕ ਹਟਾਉਣ ਸਬੰਧੀ, ਪੇਅ ਕਮੀਸ਼ਨ ਲਾਗੂ ਕਰਨ, ਬੇਰੁਜਗਾਰ ਟੈੱਟ ਪਾਸ ਅਧਿਆਪਕ ਦੀਆਂ ਮੰਗਾਂ ਦੇ ਹੱਲ ਅਤੇ ਹੋਰ ਅਧਿਆਪਕਾਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪੀ ਦੀ ਸਖਤ ਨਿਖੇਧੀ ਕੀਤੀ।
ਉਹਨਾਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਅਧਿਆਪਕ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਅਧਿਆਪਕ ਨੂੰ ਦੋਸ਼ ਸੂਚੀ ਜਾਰੀ ਕਰਕੇ ਅਤੇ ਸਮੁੱਚੇ ਅਧਿਆਪਕ ਵਰਗ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਅਜਿਹੇ ਤਣਾਅ ਭਰੇ ਮਾਹੌਲ ਵਿੱਚ ਸਿੱਖਿਆ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਾ ਕੱਢਿਆ ਤਾਂ ਫਰਵਰੀ ਦੇ ਤੀਜੇ ਹਫਤੇ ਸਿੱਖਿਆ ਭਵਨ ਮੌਹਾਲੀ ਵਿਖੇ ਲਗਾਤਾਰ ਮੁਜ਼ਾਹਰੇ ਕੀਤੇ ਜਾਣਗੇ।