ਸੰਗਰੂਰ: ਘੱਗਰ ਦਾ ਪਾਣੀ ਹੁਣ ਮੂਨਕ ਸ਼ਹਿਰ ਦੇ ਘਰਾਂ ਵਿਚ ਵੜ ਗਿਆ ਹੈ ਜਿਸ ਕਾਰਨ ਲੋਕ ਬੇਹਾਲ ਹਨ। ਸਥਾਨਕ ਲੋਕ ਰੋ-ਰੋ ਕੇ ਕਹਿ ਰਹੇ ਹਨ ਕਿ ਹੁਣ ਤਾਂ ਬਚਾ ਲਓ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਘਰਾਂ ਦਾ ਜਾਇਜ਼ਾ ਲਿਆ ਤਾਂ ਵੇਖਿਆ ਕਿ ਘਰ ਲਗਭਗ ਪਾਣੀ 'ਚ ਹਨ ਅਤੇ ਔਰਤਾਂ ਬੜੀ ਮੁਸ਼ਕਲ ਨਾਲ ਘਰ ਵਿਚ ਰਹਿ ਰਹਿਆ ਹਨ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਾਥਰੂਮ ਤੋਂ ਲੈ ਕੇ ਜਿਸ ਥਾਂ ਜਾਨਵਰ ਬੰਨੇ ਹਨ ਉੱਥੇ ਤੱਕ ਵੀ ਪਾਣੀ ਆ ਚੁੱਕਿਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਹੁਣ ਤੱਕ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਅਤੇ ਉਹ ਇਹੀ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਘਰ ਡੁੱਬਣ ਤੋਂ ਬਚਾ ਲਏ ਜਾਣ।
ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਉਸ ਦਾ ਸਾਰਾ ਪਾਣੀ ਮੂਨਕ ਦੇ ਵੱਖ-ਵੱਖ ਪਿੰਡਾਂ 'ਚ ਪੁਹੰਚ ਗਿਆ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਦੀ ਫ਼ਸਲ ਬਰਬਾਦ ਹੋ ਗਈ ਹੈ। ਘੱਗਰ ਦੇ ਪਾੜ ਕਾਰਨ ਮੂਨਕ ਪਾਤੜਾਂ ਰੋਡ 'ਤੇ ਵੀ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ। ਲੋਕਾਂ ਵਲੋ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਨਹੀਂ ਹੈ।