ਬਠਿੰਡਾ: 2 ਸਾਲਾ ਮਾਸੂਮ ਫ਼ਤਿਹਵੀਰ 6 ਜੂਨ ਸ਼ਾਮ ਨੂੰ 4 ਵਜੇ ਬੋਰਵੈੱਲ 'ਚ ਡਿੱਗਿਆ ਸੀ ਜਿਸ ਦਾ ਅੱਜ ਜਨਮਦਿਨ ਹੈ। 76 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਸੱਭ ਦੀ ਅੱਖਾਂ ਫ਼ਤਿਹਵੀਰ ਦੇ ਬਾਹਰ ਆਉਣ ਦੀ ਉਡੀਕ 'ਚ ਹਨ। PGI, ਲੁਧਿਆਣਾ ਤੇ ਸੰਗਰੂਰ ਤੋਂ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਜਿਵੇਂ ਹੀ ਫ਼ਤਿਹਵੀਰ ਬਾਹਰ ਆਵੇਗਾ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ਲਿਜਾਇਆ ਜਾਵੇਗਾ। NDRF ਟੀਮ ਤੇ ਡੇਰਾ ਸੱਚਾ ਸੌਦਾ ਵਲੋਂ ਬਚਾਅ ਕਾਰਜ ਜਾਰੀ ਹੈ।
ਦੱਸ ਦਈਏ ਕਿ ਅੱਜ ਫ਼ਤਿਹਵੀਰ ਦਾ ਜਨਮਦਿਨ ਹੈ। ਫ਼ਤਿਹਵੀਰ ਲਈ ਸਾਰਾ ਪੰਜਾਬ ਅੱਜ ਦੁਆਵਾਂ ਕਰ ਰਿਹਾ ਹੈ। ਫ਼ਤਿਹ ਨੂੰ ਬਾਹਰ ਕੱਢਣ ਲਈ ਐਨਡੀਆਰਐਫ ਤੇ ਆਰਮਡ ਇੰਜੀਨੀਅਰ ਪਟਿਆਲਾ ਵੱਲੋਂ ਕੀਤੀ ਇਸ ਸਾਂਝੀ ਮੁਹਿੰਮ 'ਚ ਸਥਾਨਕ ਲੋਕਾਂ ਵੱਲੋਂ ਵੀ ਵੱਧ-ਚੜ ਕੇ ਸਹਿਯੋਗ ਦਿੱਤਾ ਗਿਆ।
ਪ੍ਰਸ਼ਾਸਨ ਨੇ ਬੋਰ ਦੇ ਬਾਰਾਬਰ 3 ਫੁੱਟ ਦੀ ਚੌੜਾਈ ਵਾਲਾ ਇੱਕ ਹੋਰ ਬੋਰ ਪੁੱਟ ਕੇ ਫਤਿਹ ਨੂੰ ਇਸ ਰਾਹੀਂ ਬਾਹਰ ਕੱਢਣ ਦਾ ਕੰਮ ਜਾਰੀ ਹੈ। ਪਰ ਸਥਾਨਕ ਲੋਕਾਂ ਵੱਲੋਂ ਇਸ ਬਚਾਅ ਕਾਰਜ ਦੇਰੀ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਕੋਈ ਯੋਗ ਮਸ਼ੀਨ ਜਾਂ ਢੁਕਵੀਂ ਵਿਉਂਤ ਨਹੀਂ ਸੀ।
ਜ਼ਿਕਰਯੋਗ ਹੈ ਕਿ ਫ਼ਤਿਹ ਬੀਤੇ ਵੀਰਵਾਰ ਨੂੰ ਦੁਪਿਹਰ ਦੇ ਕਰੀਬ 3.30 ਵਜੇ ਬੋਰਵੈਲ ਵਿੱਚ ਡਿੱਗਿਆ ਸੀ ਜਿਸ ਮਗਰੋਂ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਨਾਲ 4.30 ਵਜੇ ਦੇ ਕਰੀਬ ਬਚਾਅ ਕਾਰਜ ਸ਼ੁਰੂ ਕੀਤੇ ਗਏ ਸੀ ਜਿਸ ਮਗਰੋਂ ਐਨਡੀਆਰਐਫ਼ ਦੀ ਟੀਮ ਬੁਲਾਈ ਗਈ ਸੀ ਅਤੇ ਸੀਸੀਟੀਵੀ ਦੀ ਮਦਦ ਨਾਲ ਫ਼ਤਿਹਵੀਰ 'ਤੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ। ਡਾਕਟਰਾਂ ਦੀ ਦੇਖ-ਰੇਖ ਵਿੱਚ ਫ਼ਤਿਹਵੀਰ ਤੱਕ ਆਕਸੀਜਨ ਪਹੁੰਚਾਈ ਜਾ ਰਹੀ ਹੈ।