ਲਹਿਰਾਗਾਗਾ: ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਕੇਸ ਦਰਜ ਕਰਨ ਦੀਆਂ ਹਦਾਇਤਾਂ 'ਤੇ ਮੂਨਕ ਵਿਖੇ ਪਰਚੇ ਦਰਜ ਕਰਨ ਨੂੰ ਲੈ ਕੇ ਮੰਗਲਵਾਰ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਪਾਤੜਾਂ-ਮੂਨਕ ਰੋਡ 'ਤੇ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਮੰਗ ਕੀਤੀ ਕਿ ਪਰਚਿਆਂ ਨੂੰ ਰੱਦ ਕੀਤਾ ਜਾਵੇ।
ਧਰਨੇ ਦੌਰਾਨ ਗੱਲਬਾਤ ਕਰਦਿਆਂ ਇਕਾਈ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਐਸਡੀਐਮ ਮੂਨਕ ਨੇ ਖੇਤਰ ਅਧੀਨ ਵੱਖ-ਵੱਖ ਪਟਵਾਰੀਆਂ ਨੂੰ ਝੋਨੇ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕਰਨ ਲਈ ਕਿਹਾ, ਪਰ ਕੋਈ ਵੀ ਪਟਵਾਰੀ ਨਹੀਂ ਗਿਆ। ਸਿਰਫ਼ ਪਿੰਡ ਭਾਠੂਆ ਵਿਖੇ ਪਟਵਾਰੀ ਬਲਕਾਰ ਸਿੰਘ ਨੇ ਚੋਰੀ ਛੁਪੇ ਕਿਸਾਨਾਂ 'ਤੇ ਅੱਗ ਲਾਉਣ ਸਬੰਧੀ ਪਰਚੇ ਦਰਜ ਕਰ ਦਿੱਤੇ, ਜਦੋਂ ਕਿਸਾਨਾਂ ਨੇ ਉਸ ਨੂੰ ਬੁਲਾਇਆ ਤਾਂ ਉਹ ਮੌਕੇ ਤੋਂ ਭੱਜ ਗਿਆ।
ਉਨ੍ਹਾਂ ਕਿਹਾ ਕਿ ਐਸਡੀਐਮ ਵੀ ਮੌਕੇ ਤੋਂ ਭੱਜ ਗਈ ਅਤੇ ਮਿਲਣ ਦਾ ਟਾਈਮ ਨਹੀਂ ਦਿੱਤਾ ਜਾ ਰਿਹਾ। ਹਰ ਵਾਰੀ ਲਾਰੇ ਲਗਾ ਦਿੱਤੇ ਜਾ ਰਹੇ ਹਨ, ਜਿਸ ਦੇ ਵਿਰੋਧ ਵਿੱਚ ਸਮੂਹ ਪਿੰਡ ਦੇ ਕਿਸਾਨਾਂ ਅਤੇ ਕਿਸਾਨ ਜੱਥੇਬੰਦੀ ਸਿੱਧੂਪੁਰ ਨੇ ਵਿਰੋਧ ਕਰਦਿਆਂ ਐਸਡੀਐਮ ਦਫ਼ਤਰ ਸਾਹਮਣੇ ਪਾਤੜਾਂ ਮੂਨਕ ਹਾਈਵੇ ਰੋਡ 'ਤੇ ਜਾਮ ਲਗਾ ਕੇ ਰੋਸ ਧਰਨਾ ਦਿੱਤਾ ਅਤੇ ਪਟਵਾਰੀ ਤੇ ਐਸਡੀਐਮ ਵਿਰੁੱਧ ਭਰਵੀਂ ਨਾਅਰੇਬਾਜ਼ੀ ਕੀਤੀ ਗਈ।
ਉਨ੍ਹਾਂ ਮੰਗ ਕੀਤੀ ਕਿਸਾਨਾਂ 'ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ ਨਹੀਂ ਤਾਂ ਇਹ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ।