ਸੰਗਰੂਰ: ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਚੱਲ ਰਿਹਾ ਹੈ ਅਤੇ ਬੇਵਕਤੀ ਮੀਂਹ ਨੇ ਕਿਸਾਨਾਂ ਦਾ ਹੋਰ ਵੀ ਨੁਕਸਾਨ ਕਰ ਦਿੱਤਾ ਹੈ। ਮੀਂਹ ਨੇ ਕਿਸਾਨਾਂ ਦੀ ਫ਼ਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਜਿੱਥੇ, ਕਿਸਾਨਾਂ ਦੀਆਂ ਫਸਲਾਂ ਵੱਢਣ ਦਾ ਸਮਾਂ ਆਇਆ ਤੇ ਦੂਜੇ ਪਾਸੇ, ਪੰਜਾਬ ਵਿੱਚ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੈ। ਆਪਣੇ ਹੱਥੀਂ ਬੀਜੀ ਫ਼ਸਲ ਨੂੰ ਕਿਸਾਨ ਵਾਹੀ ਕਰਨ ਲਈ ਮਜਬੂਰ ਹੋ ਗਿਆ ਹੈ।
ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜ਼ਿਲ੍ਹਾ ਸੰਗਰੂਰ ਦੇ ਪਿੰਡ ਕਿਲਾ ਭਰੀਆ ਦਾ, ਜਿੱਥੇ ਕਿਸਾਨ ਜਗਤਾਰ ਸਿੰਘ ਨੇ 3 ਮਹੀਨੇ ਪਹਿਲਾਂ ਟਮਾਟਰ ਦੀ ਫ਼ਸਲ ਬੜੇ ਚਾਵਾਂ ਨਾਲ ਕੀਤੀ। ਉਸ ਨੇ ਸੋਚਿਆ ਕਿ ਫ਼ਸਲ ਹੋਣ ਤੋਂ ਬਾਅਦ ਉਹ ਕਰਜ਼ਾ ਲਾ ਦੇਵੇਗਾ। ਪਰ, ਉਸ ਨੂੰ ਕੀ ਪਤਾ ਸੀ ਕਿ ਉਸ ਦੀਆਂ ਉਮੀਦਾਂ ਉੱਤੇ ਬੇਮੌਸਮਾ ਮੀਂਹ ਪਾਣੀ ਫੇਰ ਦੇਵੇਗਾ।
ਖੁਦ ਹੀ ਵਾਹ ਰਿਹਾ ਫਸਲ: ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ 7 ਏਕੜ ਵਿਚ ਬੀਜੇ ਟਮਾਟਰ ਦੀ ਫ਼ਸਲ ਬਰਬਾਦ ਹੋਣ ਕਾਰਨ ਉਸ ਨੇ ਖੁਦ ਫਸਲ ਵਾਹ ਦਿੱਤੀ ਹੈ, ਕਿਉਂਕਿ ਫਸਲ ਬੇਵਕਤੀ ਮੀਂਹ ਨੇ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤੀ ਸੀ। ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਟਮਾਟਰ ਦੀ ਬਿਜਾਈ ਕਰਨ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚਾ ਆਇਆ ਸੀ। 7 ਏਕੜ ਦੀ ਬਿਜਾਈ ਕਰਨ ਲਈ ਉਸ ਦਾ ਕੁਲ ਖ਼ਰਚਾ ਤਿੰਨ ਲੱਖ 50 ਹਜ਼ਾਰ ਰੁਪਏ ਆਇਆ ਹੈ। ਉਸ ਨੂੰ ਇਕ ਲੱਖ ਇਕ ਏਕੜ ਦੀ ਫਸਲ ਦਾ ਮਿਲਣਾ ਸੀ ਅਤੇ ਮੌਸਮ 7 ਲੱਖ ਰੁਪਏ ਦਾ ਮੁਨਾਫ਼ਾ ਹੋਣਾ ਸੀ। ਪਰ, ਇਹ ਸਭ ਮੀਂਹ ਦੇ ਪਾਣੀ ਵਿੱਚ ਵਹਿ ਗਿਆ ਹੈ।
ਹੌਂਸਲਾ ਨਹੀਂ ਹਾਰਿਆ, ਸਰਕਾਰ ਤੋਂ ਮੰਗ: ਜਿਸ ਤਰ੍ਹਾਂ ਜਗਤਾਰ ਸਿੰਘ ਨੂੰ ਘਾਟਾ ਪਿਆ ਹੈ, ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ। ਉਹ ਦੁਬਾਰਾ ਬਿਜਾਈ ਕਰਨ ਬਾਰੇ ਸੋਚ ਰਿਹਾ ਹੈ। ਜਗਤਾਰ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਕਿ ਜੋ ਫਸਲ ਬਰਬਾਦ ਹੋ ਗਈ ਹੈ, ਉਸ ਦੀ ਥਾਂ ਕੁਝ ਹੋਰ ਖੇਤੀ ਕਰ ਸਕਾਂ। ਇਸ ਸਮੇਂ ਪੰਜਾਬ ਦਾ ਇਕੱਲਾ ਜਗਤਾਰ ਸਿੰਘ ਹੀ ਨਹੀਂ, ਬਾਕੀ ਹੋਰ ਵੀ ਕਈ ਕਿਸਾਨ ਇਸ ਮੀਂਹ ਤੋਂ ਪ੍ਰਭਾਵਿਤ ਹੋਏ ਹਨ। ਫ਼ਸਲਾਂ ਖ਼ਰਾਬ ਹੋ ਜਾਣ ਕਾਰਨ ਪੂਰੀ ਤਰ੍ਹਾਂ ਚਿੰਤਿਤ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਕੁਦਰਤ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਬਾਂਹ ਫੜ੍ਹੇ। ਬੇਸ਼ੱਕ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਪਰ, ਜੇਕਰ ਸਰਕਾਰ ਹੱਥ ਫੜ੍ਹੇ, ਤਾਂ ਉਹ ਮੁੜ ਬਿਜਾਈ ਕਰਨਾ ਲਈ ਵੀ ਤਿਆਰ ਹਨ। ਅਕਸਰ ਕਿਸਾਨ ਉਦੋਂ ਹੀ ਖੁਦਕੁਸ਼ੀ ਕਰਦਾ ਹੈ, ਜਦੋਂ ਉਸ ਨੂੰ ਵੱਡੇ ਘਾਟੇ ਪੈਂਦੇ ਹਨ ਅਤੇ ਦੂਜੇ ਪਾਸੇ, ਸਰਕਾਰ ਪਾਸੋਂ ਕੋਈ ਮਦਦ ਨਹੀਂ ਮਿਲਦੀ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਲੱਗਿਆ ਵੱਡਾ ਝਟਕਾ, ਲੋਕ ਸਭਾ ਮੈਂਬਰਸ਼ਿਪ ਹੋਈ ਰੱਦ