ਲਹਿਰਾਗਾਗਾ: ਪਿੰਡ ਰਾਏਧਰਾਣਾ ਵਿਖੇ ਇੱਕ ਪ੍ਰਾਈਵੇਟ ਬਿਜਲੀ ਮਕੈਨਿਕ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਬਿਜਲੀ ਗਰਿੱਡ ਅੱਗੇ ਦੋ ਦਿਨ ਧਰਨਾ ਦੇਣਾ ਪਿਆ ਅਤੇ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਸੀ ਕਿ ਉਹ ਮ੍ਰਿਤਕ ਦਾ ਸਸਕਾਰ ਉਦੋਂ ਤੱਕ ਨਹੀਂ ਕਰਨਗੇ, ਜਦੋਂ ਤੱਕ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ, 25 ਲੱਖ ਰੁਪਏ ਮੁਆਵਜ਼ਾ ਅਤੇ ਬਿਜਲੀ ਮੁਲਾਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਜਿਸ ਤੋਂ ਬਾਅਦ ਪੁਲਿਸ ਨੇ ਪਾਵਰਕਾਮ ਦੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਗੋਬਿੰਦ ਸ਼ਰਮਾ ਪੁੱਤਰ ਸ਼ਾਮ ਲਾਲ ਵਾਸੀ ਰਾਏਧਰਾਣਾ ਜੋ ਇੱਕ ਪ੍ਰਾਈਵੇਟ ਬਿਜਲੀ ਮਕੈਨਿਕ ਵਜੋਂ ਕੰਮ ਕਰਦਾ ਸੀ, ਉਹ ਅਕਸਰ ਹੀ ਸਰਕਾਰੀ ਬਿਜਲੀ ਮੁਲਾਜ਼ਮਾਂ ਨਾਲ ਕੰਮ ਕਰਨ ਲਈ ਜਾਇਆ ਕਰਦਾ ਸੀ। ਇਹ ਘਟਨਾ 15 ਅਗਸਤ ਨੂੰ ਉਸ ਸਮੇਂ ਵਾਪਰੀ ਜਦੋਂ ਗੋਬਿੰਦ ਰਾਮ ਸ਼ਰਮਾ ਸਰਕਾਰੀ ਮੁਲਾਜ਼ਮਾਂ ਨਾਲ ਬਿਜਲੀ ਸਪਲਾਈ ਠੀਕ ਕਰਨ ਗਿਆ ਸੀ, ਉਸ ਨੂੰ ਜੋੜੇ ਖੰਭਿਆ ਉਪਰ ਜੈਂਪਰ ਲਗਾਉਣ ਲਈ ਚੜ੍ਹਾ ਦਿੱਤਾ ਅਤੇ ਲਾਇਨ ਵਿੱਚ ਬਿਜਲੀ ਦਾ ਕਰੰਟ ਚਲਣਾ ਹੋਣ ਕਰਕੇ ਉਸ ਦੇ ਕਰੰਟ ਲੱਗਿਆ ਹੈ। ਉਹ ਉਪਰੋਂ ਥੱਲੇ ਡਿੱਗ ਪਿਆ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਧਰਨੇ ਵਿੱਚ ਸ਼ਾਮਿਲ ਹੋਣ ਆਏ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਬਿਜਲੀ ਮੁਲਾਜ਼ਮ ਖੁਦ ਕੰਮ ਕਰਨ ਦੀ ਬਜਾਏ ਬਿਨ੍ਹਾਂ ਪਰਮਟ ਲਏ ਹੀ ਆਮ ਵਿਅਕਤੀਆਂ ਨੂੰ ਖੰਭਿਆ ਉਪਰ ਕੰਮ ਕਰਨ ਲਈ ਚੜ੍ਹਾ ਦਿੰਦੇ ਹਨ। ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ । ਸਰਕਾਰ ਨੂੰ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਧਿਕਾਰੀਆਂ ਵੱਲੋਂ ਮਿਲੇ ਵਿਸ਼ਵਾਸ ਮਗਰੋਂ ਧਰਨਾ ਸਮਾਪਤ ਕਰਕੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਹੈ।