ਸੰਗਰੂਰ: ਬੁੱਧਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ 'ਚ ਬਣ ਰਹੇ ਪੀਜੀਆਈ ਦਾ ਦੌਰਾ ਕਰਨ ਪਹੁੰਚੇ। ਇਸ ਮੌਕੇ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਪੀਜੀਆਈ ਦੀ 90 ਫੀਸਦੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ। ਮਾਨ ਨੇ ਕਿਹਾ ਉਹ ਦੇਸ਼ ਦੇ ਸਿਹਤ ਮੰਤਰੀ ਹਰਸ਼ਵਰਧਨ ਨਾਲ ਗੱਲ ਕਰਕੇ ਇਸ ਪੀਜੀਆਈ 'ਚ ਡਾਕਟਰਾਂ ਦੀ ਭਰਤੀ ਕਰਨ ਅਤੇ ਡਾਕਟਰੀ ਸਹੂਲਤਾਂ ਸ਼ੁਰੂ ਕਰਵਾਉਣ ਬਾਰੇ ਗੱਲ ਕਰਨਗੇ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਕਸੀਮੀਟਰਾਂ ‘ਤੇ ਰਾਜਨੀਤੀ ਹੋ ਰਹੀ ਹੈ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਇੱਕ ਪਾਸੇ ਤਾਂ ਕਹਿ ਰਿਹਾ ਕਿ ਆਕਸੀਮੀਟਰਾਂ ਦਾ ਕੋਰੋਨਾ ਦੀ ਟੈਸਟਿੰਗ ਨਾਲ ਕੋਈ ਸਬੰਧ ਨਹੀਂ ਹੈ ਅਤੇ ਦੂਜੇ ਪਾਸੇ ਕੈਪਟਨ 50 ਹਜ਼ਾਰ ਆਕਸੀਮੀਟਰਾਂ ਵੰਡਣ ਦੀਆਂ ਗੱਲਾਂ ਕਰਦੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਕੇ ਇਹ ਆਕਸੀਮੀਟਰ ਵੰਡ ਰਹੀ ਹੈ ਪਰ ਕੈਪਟਨ ਉਨ੍ਹਾਂ ਨੂੰ ਦੋਸ਼ ਧ੍ਰੋਹੀ ਕਹਿਣ 'ਤੇ ਲੱਗੇ ਹੋਏ ਹਨ।
ਭਗਵੰਤ ਮਾਨ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਬਾਰੇ ਬੋਲਦਿਆ ਕਿਹਾ ਕਿ ਜ਼ੈੱਡ ਪਲੱਸ ਸੁਰੱਖਿਆ ਵਿੱਚੋਂ ਉਹ ਕਿਵੇਂ ਭੱਜ ਗਏ। ਮਾਨ ਨੇ ਅੱਗੇ ਕਿਹਾ ਕਿ ਆਮ ਨਾਗਰਿਕ ਨੂੰ ਫੜ੍ਹਨ ਲਈ ਪੁਲਿਸ ਉਸ ਦੇ ਰਿਸਤੇਦਾਰਾਂ ਨੂੰ ਚੱਕ ਲਿਆਂਉਦੀ ਹੈ, ਤੇ ਕਿਹਾ ਕਿ ਸਰਕਾਰ ਸੁਮੇਧ ਸੈਣੀ ਨੂੰ ਬਚਾਉਣ 'ਤੇ ਲੱਗੀ ਹੋਈ ਹੈ। ਭਗਵੰਤ ਮਾਨ ਨੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
15 ਸਤੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਬਾਰੇ ਬੋਲਦਿਆ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਉਠਾਉਣਗੇ ਅਤੇ ਜੰਮੂ-ਕਸ਼ਮੀਰ ਵਿੱਚ ਰਾਜ ਭਾਸ਼ਾ ਤੋਂ ਪੰਜਾਬੀ ਹਟਾਉਣ ਅਤੇ ਕਿਸਾਨੀ ਆਰਡੀਨੈਂਸ 'ਤੇ ਖੁੱਲ੍ਹ ਕੇ ਸਵਾਲ ਕਰਨਗੇ।
ਉੱਥੇ ਬਾਲੀਵੁੱਡ ਅਦਾਕਾਰ ਕੰਗਨਾ ਰਾਣੌਤ ਦੇ ਮਾਮਲੇ 'ਤੇ ਬਿਆਨ ਦਿੰਦਿਆ ਕਿਹਾ ਕਿ ਕੰਗਨਾ ਰਣੌਤ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਹਰੇਕ ਬੰਦੇ ਨੂੰ ਦੇਸ਼ ਦੇ ਵਿੱਚ ਕਿਤੇ ਵੀ ਆਉਣ ਜਾਣ ਦੀ ਪੂਰਨ ਤੌਰ 'ਤੇ ਆਜ਼ਾਦੀ ਹੈ ਤੇ ਬਦਲੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।