ਸੰਗਰੂਰ: ਲੰਮੇ ਸਮੇਂ ਦੀ ਚੁੱਪੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਵੱਲੋਂ ਲਿਆਂਦੇ ਨਵੇਂ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਹਾਮੀ ਭਰੀ ਹੈ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਖੇਤੀ ਦੇ ਉੱਤੇ ਕੇਂਦਰ ਸਰਕਾਰ ਨੇ ਜੋ ਆਰਡੀਨੈਂਸ ਪਾਸ ਕੀਤੇ ਹਨ ਉਹ ਕਿਸਾਨ ਵਿਰੋਧੀ ਹਨ। ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਅਤੇ ਖੇਤੀ ਦੇ ਮਾਹਿਰ ਇਹ ਕਹਿ ਰਹੇ ਹਨ ਕਿ ਇਹ ਆਰਡੀਨੈਂਸ ਕਿਸਾਨੀ ਦੇ ਖ਼ਿਲਾਫ਼ ਹਨ ਤਾਂ ਪਰਕਾਸ਼ ਸਿੰਘ ਬਾਦਲ ਕਿਵੇਂ ਕਹਿ ਸਕਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਹਿਤੈਸ਼ੀ ਹਨ।
ਮਾਨ ਨੇ ਅੱਗੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਅੱਜ ਇਸ ਲਈ ਸਾਹਮਣੇ ਆਉਣਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਗੱਲ 'ਤੇ ਕੋਈ ਯਕੀਨ ਨਹੀਂ ਕਰ ਰਿਹਾ ਪਰ ਹੁਣ ਲੋਕ ਪਰਕਾਸ਼ ਸਿੰਘ ਬਾਦਲ ਦੀ ਗੱਲ 'ਤੇ ਵੀ ਯਕੀਨ ਨਹੀਂ ਕਰਨਗੇ ਕਿਉਂਕਿ ਕੇਂਦਰ ਸਰਕਾਰ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਸਾਡੀ ਏਜੰਸੀ ਜਿੰਨੀ ਕਣਕ ਅਤੇ ਝੋਨੇ ਦੀ ਲੋੜ ਹੋਵੇਗੀ ਓਨੀ ਹੀ ਫ਼ਸਲ ਖ਼ਰੀਦੇਗੀ ਬਾਕੀ ਰਾਜ ਸਰਕਾਰ ਆਪ ਪ੍ਰਬੰਧ ਕਰਨ।
ਮਾਨ ਨੇ ਕਿਹਾ ਕਿ ਜੇਕਰ ਕੇਂਦਰ ਦੀ ਏਜੰਸੀ ਸਾਡੀਆਂ ਫਸਲਾਂ ਨਹੀਂ ਖ਼ਰੀਦਣਗੀਆਂ ਤਾਂ ਹੋਰ ਕੌਣ ਖਰੀਦੇਗਾ, ਐਮਐਸਪੀ ਤਾਂ ਦੂਸਰੀਆਂ ਫਸਲਾਂ ਦਾ ਵੀ ਹੈ ਪਰ ਕਿਸਾਨਾਂ ਨੂੰ ਉਨ੍ਹਾਂ ਦਾ ਭਾਅ ਨਹੀਂ ਮਿਲ ਰਿਹਾ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਕਿਸਾਨਾਂ ਤੋਂ ਵੋਟਾਂ ਲਈਆਂ ਹਨ ਪਰ ਕਿਸਾਨ ਦੇ ਹਿੱਤ ਦੀ ਗੱਲ ਕਦੇ ਨਹੀਂ ਕੀਤੀ ਸਿਰਫ ਆਪਣੀ ਨੂੰਹ ਹਰਸਿਮਰਤ ਕੌਰ ਦੀ ਕੁਰਸੀ ਬਚਾਉਣ ਲਈ ਹਮੇਸ਼ਾ ਬੀਜੇਪੀ ਦੇ ਹੱਕ ਦੇ ਵਿੱਚ ਕਿਸਾਨ ਵਿਰੋਧੀ ਨੀਤੀਆਂ 'ਤੇ ਫੈਸਲਾ ਦਿੰਦੀ ਰਹੀ ਹੈ।
ਮੌਨਸੂਨ ਸੈਸ਼ਨ 'ਤੇ ਵੀ ਚੁੱਕੇ ਸਵਾਲ
ਉੱਥੇ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਵਾਲਾਂ ਤੋਂ ਬਚਣ ਲਈ ਕੋਰੋਨਾ ਦੀ ਆੜ 'ਚ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਪ੍ਰਸ਼ਨਕਾਲ ਅਤੇ ਸਿਫ਼ਰ ਕਾਲ ’ਤੇ ਪਾਬੰਦੀ ਲਗਾ ਰਹੀ ਹੈ। ਮਾਨ ਨੇ ਕਿਹਾ ਕਿ ਅੱਜ ਅਣਐਲਾਨੀ ਐਮਰਜੈਸੀ ਵਰਗੇ ਹਾਲਾਤ ਹਨ।