ਸੰਗਰੂਰ: ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀ ਸ.ਮਦਨ ਸਿੰਘ ਕਪੂਰ ਸਰਕਾਰੀ ਸਕੂਲ ਪਹੁੰਚੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦਾ ਵਿਰੋਧ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਪ੍ਰਦਰਸ਼ਨ ਦੌਰਾਨ ਇਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਈ। ਇਨ੍ਹਾਂ ਅਧਿਆਪਕਾਂ ਦੀ ਮੰਗ ਸੀ, ਕਿ ਉਹ ਸਿੱਖਿਆ ਮੰਤਰੀ ਨੂੰ ਮਿਲਣਾ ਚਾਹੁੰਦੇ ਹਨ, ਪਰ ਪੁਲਿਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰਾਸਤੇ ਵਿੱਚ ਹੀ ਰੋਕਿਆ ਗਿਆ।
ਵਿਰੋਧ ਕਰ ਰਹੀਆਂ ਮਹਿਲਾਂ ਅਧਿਆਪਕਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਿਆ ਹੈ। ਇਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਕਿਹਾ, ਕਿ ਸਿੱਖਿਆ ਮੰਤਰੀ ਦੇ ਇਸ਼ਾਰੇ ‘ਤੇ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਸ ਪ੍ਰਦਰਸ਼ਨ ਦੌਰਾਨ ਪੁੁਲਿਸ ਨੇ ਜਬਰਨ ਇਨ੍ਹਾਂ ਅਧਿਆਪਕਾਂ ਨੂੰ ਚੁੱਕ ਕੇ ਪੁਲਿਸ ਵੈਨ ਵਿੱਚ ਸੁੱਟਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲੈ ਗਏ।
ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ, ਕਿ ਇਨ੍ਹਾਂ ਅਧਿਆਪਕਾਂ ਕੋਲ ਸਿੱਖਿਆ ਮੰਤਰੀ ਨੂੰ ਮਿਲਣ ਲਈ ਕੋਈ ਮਨਜ਼ੂਰੀ ਨਹੀਂ ਹੈ। ਜਿਸ ਕਰਕੇ ਇਨ੍ਹਾਂ ਨੂੰ ਸਿੱਖਿਆ ਮੰਤਰੀ ਨਾਲ ਮਿਲਣ ਨਹੀਂ ਦਿੱਤਾ ਜਾ ਸਕਦਾ।
ਇਨ੍ਹਾਂ ਅਧਿਆਪਕਾਂ ਦਾ ਪ੍ਰਦਰਸ਼ਨ ਸਿਰਫ਼ ਸੜਕਾਂ ‘ਤੇ ਹੀ ਨਹੀਂ ਹੈ, ਸਗੋਂ ਇਨ੍ਹਾਂ ਅਧਿਆਪਕਾਂ ਵੱਲੋਂ 100 ਫੁੱਟ ਉੱਚੀਆ ਬਣੀਆ ਸਰਕਾਰੀ ਪਾਣੀ ਵਾਲੀਆਂ ਟੈਂਕੀਆਂ ‘ਤੇ ਬੈਠ ਕੇ ਵੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਬਣੀ ਸਰਕਾਰੀ ਟੈਂਕੀ ‘ਤੇ ਪਿਛਲੇ 3 ਦਿਨਾਂ ਤੋਂ ਬੀ.ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਬੈਠੇ ਹਨ। ਜੋ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ।