ਮਲੇਰਕੋਟਲਾ: ਵੱਡਾ ਘੱਲੂਘਾਰੇ ਦੌਰਾਨ ਸ਼ਹੀਦ ਹੋਏ 35 ਹਜ਼ਾਰ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਪਿੰਡ ਕੁੱਪ ਰਹੀੜਾ ਵਿਖੇ ਬਣੇ ਸ਼ਹੀਦੀ ਸਮਾਰਕ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਹਨ, ਪਰ ਮਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ਨਾਲ ਜੋ ਸੜਕ ਇਸ ਸ਼ਹੀਦੀ ਸਮਾਰਕ ਨੂੰ ਜੋੜਦੀ ਹੈ ਉਸ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੈ।
ਡੇਢ ਸਾਲ ਪਹਿਲਾਂ ਇਸ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਪਰ ਕੰਮ ਅਧੂਰਾ ਹੀ ਖੜ੍ਹਾ ਹੈ ਜਿਸ ਕਰਕੇ ਆਏ ਦਿਨ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਨਾਲ ਹਾਦਸੇ ਵਾਪਰ ਜਾਂਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਅਕਾਲੀ ਸਰਕਾਰ ਵੱਲੋਂ ਇਹ ਯਾਦਗਾਰ ਸਥਾਪਤ ਕੀਤੀ ਗਈ ਹੈ। ਇਸ ਨੂੰ ਵੇਖਣ ਲਈ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਕਸਰ ਹੀ ਆਉਂਦੇ ਰਹਿੰਦੇ ਹਨ, ਪਰ ਜੋ ਮੁੱਖ ਸੜਕ ਇਸ ਸ਼ਹੀਦੀ ਸਮਾਰਕ ਨੂੰ ਆਉਂਦੀ ਹੈ, ਉਸ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੈ। ਸੜਕ ਦੇ ਉੱਪਰ ਵੱਟੇ ਪਏ ਹੋਏ ਹਨ ਜਿਸ ਕਰਕੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਵਿਭਾਗ ਅਤੇ ਸਰਕਾਰ ਨੂੰ ਇਸ ਸੜਕ ਨੂੰ ਬਣਾਉਣ ਦੀ ਅਪੀਲ ਕਰ ਚੁੱਕੇ ਹਨ ਪਰ ਹਾਲੇ ਤੱਕ ਇਹ ਸੜਕ ਇਸੇ ਤਰ੍ਹਾਂ ਅਧੂਰੀ ਪਈ ਹੈ। ਇਸ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਵੱਡੀ ਯਾਦਗਾਰ ਨੂੰ ਜੋੜਨ ਵਾਲੀ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਦੂਰੋਂ ਦੂਰੋਂ ਇਸ ਯਾਦਗਾਰ ਨੂੰ ਵੇਖਣ ਲਈ ਲੋਕ ਆਉਂਦੇ ਹਨ ਉਨ੍ਹਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।