ਸੰਗਰੂਰ: ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੁਝ ਨਸ਼ੇ ਦੀ ਅਲਾਮਤ ਵਿੱਚ ਗਲਤਾਨ ਹੋਏ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਹਾਲਾਂਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਵੀ ਹਮੇਸ਼ਾ ਹੀ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਅਜਿਹੀਆਂ ਵਾਰਦਾਤਾਂ ਸਰਕਾਰ ਤੇ ਪ੍ਰਸ਼ਾਸਨ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੰਦੇ ਹਨ।
ਅਜਿਹਾ ਹੀ ਇਕ ਮਾਮਲਾ ਸੰਗਰੂਰ ਦੇ ਪਿੰਡ ਢੰਡੋਲੀ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਐਨਆਰਆਈ ਦੀ ਕਾਰ ਉਤੇ ਕੁਝ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਰਾਤ ਕਰੀਬ ਇਕ ਵਜੇ ਐਨਆਰਆਈ ਪਰਿਵਾਰ ਆਸਟ੍ਰੇਲੀਆ ਤੋਂ ਸੰਗਰੂਰ ਦੇ ਪਿੰਡ ਢੰਡੋਲੀ ਵਿਖੇ ਜਾ ਰਹੇ ਸਨ। ਇਸੇ ਦੌਰਾਨ 4 ਤੋਂ 5 ਲੁਟੇਰਿਆਂ ਨੇ ਇਕ ਬਲੈਰੋ ਪਿਕਅਪ ਸੜਕ ਦੇ ਵਿਚਕਾਰ ਖੜ੍ਹੀ ਕੀਤੀ ਹੋਈ ਸੀ। ਜਦੋਂ ਕਾਰ ਚਾਲਕ ਨੇ ਉਕਤ ਲੁਟੇਰਿਆਂ ਨੂੰ ਦੇਖਿਆ ਤਾਂ ਗੱਡੀ ਬੈਕ ਲਿਜਾਣੀ ਸ਼ੁਰੂ ਕਰ ਦਿੱਤੀ, ਪਰ ਇੰਨੇ ਨੂੰ ਲੁਟੇਰਿਆਂ ਨੇ ਗੱਡੀ ਲਿਆ ਕੇ ਉਨ੍ਹਾਂ ਦੀ ਕਾਰ ਵਿੱਚ ਮਾਰੀ ਤੇ ਇਕ ਲੁਟੇਰੇ ਨੇ ਕੁਹਾੜੀ ਨਾਲ ਉਨ੍ਹਾਂ ਦਾ ਕਾਰ ਉਤੇ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਕਾਰ ਚਾਲਕ ਨੇ ਹੁਸ਼ਿਆਰੀ ਨਾਲ ਕਾਰ ਉਥੋਂ ਭਜਾ ਲਈ ਤੇ ਪਿੰਡ ਵਿੱਚ ਕਿਸੇ ਦੇ ਘਰ ਜਾ ਕੇ ਆਪਣੀ ਜਾਨ ਬਚਾਈ।
ਸੜਕ ਵਿਚਕਾਰ ਬਲੈਰੋ ਪਿਕਅਪ ਖੜ੍ਹਾ ਕੇ ਘੇਰੀ ਗੱਡੀ : ਇਸ ਸਬੰਧੀ ਕਾਰ ਚਾਲਕ ਹਰਸ਼ਦੀਪ ਸਿੰਘ ਨਾਲ ਗੱਲ਼ਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਆਪਣੇ ਕਿਸੇ ਦੋਸਤ ਦੇ ਪਰਿਵਾਰ, ਜੋ ਕਿ ਆਸਟ੍ਰੇਲੀਆ ਤੋਂ ਆਏ ਸਨ। ਇੰਨੇ ਨੂੰ ਜਦੋਂ ਉਹ ਪਿੰਡ ਢੰਡੋਲੀ ਨਜ਼ਦੀਕ ਪਹੁੰਚਿਆ ਤਾਂ ਰਾਹ ਵਿੱਚ ਠੇਕੇਦਾਰਾਂ ਵਾਲੀ ਗੱਡੀ ਲੈ ਕੇ ਖੜ੍ਹੇ 4 ਤੋਂ 5 ਲੁਟੇਰੇ ਨਸ਼ੇ ਦੀ ਹਾਲਤ ਵਿੱਚ ਖੜ੍ਹੇ ਹੋਏ ਸਨ। ਇਕ ਲੁਟੇਰਾ ਉਨ੍ਹਾਂ ਵਿਚੋਂ ਨਿਕਲ ਕੇ ਆਇਆ ਤੇ ਗੱਡੀ ਦੀ ਜਾਂਚ ਕਰਨ ਲਈ ਕਹਿਣ ਲੱਗ ਗਿਆ। ਜਦੋਂ ਉਸ ਨੇ ਗੱਡੀ ਬੈਕ ਕੀਤੀ ਤਾਂ ਉਸ ਨੇ ਕੁਹਾੜੀ ਕੱਢ ਕੇ ਉਸ ਦੀ ਗੱਡੀ ਉਤੇ ਮਾਰ ਦਿੱਤੀ। ਕਿਸੇ ਨਾ ਕਿਸੇ ਤਰੀਕੇ ਉਸ ਨੇ ਕਾਰ ਭਜਾ ਕੇ ਆਪਣੀ ਤੇ ਦੋਵਾਂ ਐਨਆਰਆਈਜ਼ ਦੀ ਜਾਨ ਬਚਾਈ।
ਜਲਦ ਹੋਵੇਗੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ : ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਸੰਦੀਪ ਸਿੰਘ ਕਾਲੇਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਲੁੱਟਖੋਹ ਸਬੰਧੀ ਸ਼ਿਕਾਇਤ ਪਹੁੰਚੀ ਸੀ, ਜਿਸ ਉਤੇ ਕਾਰਵਾਈ ਕਰਦਿਆਂ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਗੁਰਭੇਜ ਸਿੰਘ ਤੇ ਹੋਰ 3-4 ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਜਲਦ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।