ਮਲੇਰਕੋਟਲਾ: ਆਏ ਦਿਨ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲਾ ਕਸਬਾ ਅਮਰਗੜ੍ਹ ਦੇ ਪਿੰਡ ਚਪੜੌਦਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਦੇ ਟੈਸਟਿੰਗ ਲਈ ਜਾਣਕਾਰੀ ਦੇਣ ਗਈ ਆਸ਼ਾ ਵਰਕਰ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਨੂੰ ਅਮਰਗੜ੍ਹ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਆਸ਼ਾ ਵਰਕਰ ਕੁਲਵੰਤ ਕੌਰ ਨੇ ਦੱਸਿਆ ਕਿ ਉਹ ਪਿੰਡ ਚਪੜੌਦਾ ਵਿਖੇ ਕੋਰੋਨਾ ਟੈਸਟ ਕਰਾਉਣ ਦੀ ਜਾਣਕਾਰੀ ਦੇਣ ਲਈ ਇੱਕ ਘਰ ਪਹੁੰਚੀ, ਜਿੱਥੇ ਉਸ ਨਾਲ ਉੱਥੇ ਕੁਝ ਮਹਿਲਾਵਾਂ ਨੇ ਕੁੱਟਮਾਰ ਕੀਤੀ ਅਤੇ ਕੋਰੋਨਾ ਟੈਸਟ ਕਰਾਉਣ ਤੋਂ ਇਨਕਾਰ ਕਰ ਦਿੱਤਾ। ਆਸ਼ਾ ਵਰਕਰ ਕੁਲਵੰਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਉੱਥੇ ਕੁਝ ਜਥੇਬੰਦੀਆਂ ਵੱਲੋਂ ਵੀ ਕਿਹਾ ਗਿਆ ਕਿ ਅਜਿਹਾ ਗਲਤ ਵਿਵਹਾਰ ਕਰਨ ਵਾਲਿਆ ਖਿਲਾਫ਼ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਅਮਰਗੜ੍ਹ ਥਾਣੇਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।