ਲਹਿਰਾਗਾਗਾ: ਮੂਨਕ ਦੇ ਨਜ਼ਦੀਕ ਪੈਂਦੇ ਘੱਗਰ ਦਰਿਆ ਵਿੱਚ ਪਾਈਪ ਲਾਈਨ ਕਾਰਨ ਦਰਾਰ ਪੈ ਗਈ ਹੈ। ਜਿਸ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧਣ ਕਾਰਨ ਖੇਤਾਂ ਵਿੱਚ ਜਾ ਰਿਹਾ ਹੈ। ਜੇਕਰ ਇਸ ਦਰਾਰ ਨੂੰ ਜਲਦ ਬੰਦ ਨਾ ਕੀਤਾ ਗਿਆ ਤਾਂ ਦਰਿਆ ਪਿਛਲੇ ਸਾਲ ਵਾਂਗ ਫਿਰ ਤਬਾਹੀ ਮਚਾ ਸਕਦਾ ਹੈ। ਜਿਸ ਕਾਰਨ ਕਿਸਾਨਾਂ 'ਚ ਡਰ ਦਾ ਮਾਹੌਲ ਹੈ।
ਲਹਿਰਾਗਾਗਾ ਦੇ ਮੂਨਕ ਦੇ ਨਜ਼ਦੀਕ ਇੱਕ ਪੁਰਾਣੀ ਪਾਈਪ ਲਾਈਨ ਦੇ ਕਾਰਨ ਘੱਗਰ ਨਦੀ ਵਿੱਚ ਪਾੜ ਪਿਆ ਹੈ। ਪਾੜ ਪੈਣ ਤੋਂ ਬਾਅਦ ਡਰੇਨ ਵਿਭਾਗ ਅਤੇ ਕਿਸਾਨ ਪਾੜ ਨੂੰ ਪੂਰਨ ਵਿੱਚ ਲੱਗੇ ਹੋਏ ਹਨ ਪਰ ਘੱਗਰ ਦਰਿਆ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ।
ਜ਼ਿਕਰਯੋਗ ਹੈ ਕਿ ਘੱਗਰ ਨਦੀ ਨੇ ਪਿਛਲੇ ਸਾਲ ਵੀ ਤਬਾਹੀ ਮਚਾਈ ਸੀ। ਪਹਿਲਾਂ ਮੀਂਹ ਦੇ ਚੱਲਦੇ ਘੱਗਰ ਦਰਿਆ ਵਿੱਚ ਪਾੜ ਪੈ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਥਾ 'ਤੇ ਕਾਫੀ ਸਮੇਂ ਤੋਂ ਪੰਚਾਇਤ ਰਾਜ ਵੱਲੋਂ ਪਾਈਪ ਲਾਈਨ ਪਾਈ ਗਈ ਸੀ। ਜਿਸ ਰਾਹੀਂ ਖੇਤਾਂ ਦਾ ਪਾਣੀ ਘੱਗਰ ਵਿੱਚ ਜਾਂਦਾ ਹੈ। ਪਾਈਪ ਟੁੱਟਣ ਦੇ ਕਾਰਨ ਬੰਨ੍ਹ ਵਿੱਚ ਪਾੜ ਪੈ ਗਿਆ। ਜੇਕਰ ਇਹ ਜਲਦ ਬੰਦ ਨਾ ਕੀਤਾ ਗਿਆ ਤਾਂ ਕਾਫੀ ਨੁਕਸਾਨ ਹੋਣ ਦਾ ਖ਼ਤਰਾ ਹੈ। ਉੱਥੇ ਹੀ ਡਰੇਨ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਨੂੰ ਜਲਦ ਹੀ ਭਰ ਲਿਆ ਜਾਵੇਗਾ।