ਕੁਰਾਲੀ: ਕਰਫਿਊ ਦੌਰਾਨ ਪੰਜਾਬ ਸਰਕਾਰ ਕਣਕ ਦੀ ਲੋਡਿੰਗ ਅਤੇ ਅਪਲੋਡਿੰਗ ਨੂੰ ਲੈ ਕੇ ਬੜੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਕੁਰਾਲੀ ਦੇ ਸੈਂਟਰਲ ਵੇਅਰ ਹਾਊਸ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਟਰੱਕ ਚਾਲਕ ਕਣਕ ਦੀ ਅਪਲੋਡਿੰਗ ਨੂੰ ਲੈ ਕੇ ਖੜੇ ਹਨ ਜਿਸ ਨਾਲ ਟਰੱਕ ਚਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੱਕ ਚਾਲਕਾਂ ਨੇ ਦੱਸਿਆ ਕਿ ਉਹ ਮੰਡੀਆਂ ਦੇ ਵਿੱਚ ਕਣਕ ਭਰ ਕੇ ਪਿਛਲੇ ਕਈ ਦਿਨਾਂ ਤੋਂ ਸੈਂਟਰਲ ਵੇਅਰ ਹਾਊਸ ਦੇ ਬਾਹਰ ਖੜੇ ਹਨ ਪਰ ਵੇਅਰ ਹਾਊਸ 'ਚ ਕਣਕ ਦੀ ਅਪਲੋਡਿੰਗ ਦਾ ਕੋਈ ਪੁੱਖਤਾ ਇੰਤਜ਼ਾਮ ਨਹੀਂ ਹਨ। ਉਨ੍ਹਾਂ ਕਿਹਾ ਕਿ ਵੇਅਰ ਹਾਊਸ 'ਚ ਨਾ ਹੀ ਕੋਈ ਖਾਣ ਪੀਣ ਦਾ ਇੰਤਜ਼ਾਮ ਹੈ ਤੇ ਨਾ ਹੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ।
ਚਾਲਕਾਂ ਨੇ ਦੱਸਿਆ ਕਿ ਖਾਣਾ-ਖਾਣ ਲਈ ਉਨ੍ਹਾਂ ਨੂੰ ਆਪਣਾ ਟਰੱਕ ਛੱਡ ਕੇ ਦੂਰ ਜਾਣਾ ਪੈਂਦਾ ਹੈ ਇਸ ਦੌਰਾਨ ਉਨ੍ਹਾਂ ਦੇ ਟਰੱਕਾਂ ਚੋਂ ਕਣਕ ਦੀ ਚੋਰੀ ਹੋ ਜਾਂਦੀ ਹੈ, ਜਿਸ ਦਾ ਇਲਜ਼ਾਮ ਟਰੱਕ ਚਾਲਕਾਂ ਦੇ 'ਤੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਣਕ ਦੀ ਅਪਲੋਡਿੰਗ ਕਰਨ ਲਈ ਗੇਟ ਪਾਸ ਹੈ ਇਸ ਦੇ ਬਾਵਜੂਦ ਵੀ ਕੋਈ ਅਪਲੋਡਿੰਗ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਵੀ ਸੁਚਿਤ ਕੀਤਾ ਹੈ ਪਰ ਕੋਈ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਕਣਕ ਦੀ ਅਪਲੌਡਿੰਗ ਕੀਤੀ ਜਾਵੇ ਤਾਂ ਜੋ ਆਪਣੇ ਘਰ ਜਾ ਸਕਣ।
ਇਹ ਵੀ ਪੜ੍ਹੋ:ਸੂਬਾ ਸਰਕਾਰ ਵਿਰੁੱਧ ਭਾਜਪਾ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ, ਇੱਕ ਦਿਨ ਦੀ ਕੀਤੀ ਭੁੱਖ ਹੜਤਾਲ
ਜਦੋਂ ਬਾਰੇ ਐਸਡੀਐਮ ਖਰੜ ਹਿਮਾਸ਼ੂ ਜੈਨ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਇਸ ਦੀ ਕੋਈ ਜਾਣਕਾਰੀ ਨਹੀਂ ਸੀ ਪਰ ਜਲਦ ਹੀ ਵੇਅਰ ਹਾਊਸ ਦੇ ਅਫ਼ਸਰਾਂ ਨਾਲ ਗੱਲ ਕਰ ਕੇ ਟਰੱਕ ਡਰਾਈਵਰਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਕੋਈ ਟਰੱਕ ਡਰਾਈਵਰ ਭੁੱਖਾ ਹੈ ਤਾਂ ਉਹ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦਾ ਹੈ। ਪ੍ਰਸ਼ਾਸਨ ਉਨ੍ਹਾਂ ਦੀ ਸੇਵਾ ਵਿੱਚ ਹਰ ਸਮੇਂ ਤਿਆਰ ਹੈ।