ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਰੜ ਚੰਡੀਗੜ੍ਹ ਐਲੀਵੇਟਿਡ ਕੌਰੀਡੋਰ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। NHAI ਵੱਲੋਂ ਬਣਾਏ ਗਏ ਇਸ ਰੋਡ ਨੂੰ 1 ਜਨਵਰੀ ਤੱਕ ਕੰਪਲੀਟ ਕਰਨ ਦੇ ਨਿਰਦੇਸ਼ ਕੰਟਰੈਕਟਰ ਨੂੰ ਦਿੱਤੇ ਗਏ ਸਨ ਹਾਲਾਂਕਿ ਹਾਈਵੇ ਦਾ ਕੰਮ ਹੁਣ ਤੱਕ ਪੂਰਾ ਨਹੀਂ ਹੋ ਗਿਆ ਹੈ। ਪਰ ਖਰੜ ਵਿਖੇ ਫਲਾਈਓਵਰ ਬਣਨ ਨਾਲ ਜਿੱਥੇ ਆਮ ਲੋਕਾਂ ਸਣੇ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਸ ਮੌਕੇ ਗੱਲ ਕਰਦੀਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੌਰੀਡੋਰ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜਿਹੜਾ ਚੰਡੀਗੜ੍ਹ ਦੇ ਸੈਕਟਰ 39 ਦੇ ਚੌਕ ਤੋਂ ਸ਼ੁਰੂ ਹੋ ਕੇ ਖਾਨਪੁਰ ਤੱਕ 10 ਕਿਲੋਮੀਟਰ 185 ਮੀਟਰ ਲੰਬਾ ਹੈ, ਇਸ ਖੇਤਰ ਦੇ ਲੋਕਾਂ ਦੀ ਪੁਰਾਣੀ ਮੰਗ ਪੂਰੀ ਹੋ ਗਈ ਹੈ। 28 ਦਸੰਬਰ ਨੂੰ ਤੀਜੇ ਫੇਜ਼ ਦੀ ਸ਼ੁਰੂਆਤ ਦੇ ਨਾਲ ਇਹ ਪ੍ਰਾਜੈਕਟ 96 ਫੀਸਦੀ ਪੂਰਾ ਹੋ ਗਿਆ ਜਦੋਂ ਕਿ ਬਾਕੀ ਬਚਦਾ ਹਿੱਸਾ (ਖਾਨਪੁਰ ਵਿਖੇ ਸੜਕ ਦਾ ਇਕ ਪਾਸਾ) ਜਨਵਰੀ 2021 ਦੇ ਅੱਧ ਤੱਕ ਪੂਰਾ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ 9 ਜੂਨ 2016 ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਪੜਾਅ ਵਿੱਚ ਸੈਕਟਰ 39 ਚੌਕ-ਵੇਰਕਾ ਚੌਕ ਤੋਂ ਬਲੌਗੀ ਅੰਡਰਪਾਸ ਲੋਕਾਂ ਲਈ 25 ਸਤੰਬਰ 2020 ਨੂੰ ਖੋਲ੍ਹਿਆ ਗਿਆ। ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਲੁਧਿਆਣਾ ਵੱਲ ਫਲਾਈਓਵਰ (ਦੇਸੂਮਾਜਰਾ ਤੋਂ ਖਾਨਪੁਰ) 12 ਦਸੰਬਰ 2020 ਅਤੇ ਤੀਜੇ ਪੜਾਅ ਵਿੱਚ ਦਾਉਂ ਤੋਂ ਦੇਸੂਮਾਜਰਾ ਤੱਕ 28 ਦਸੰਬਰ 2020 ਨੂੰ ਸ਼ੁਰੂ ਹੋਇਆ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਖਰੜ ਨੈਸ਼ਨਲ ਹਾਈਵੇਅ ਨਾਲ ਲੁਧਿਆਣਾ ਵਾਸੀਆਂ ਸਣੇ ਰੋਪੜ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਚੰਡੀਗੜ੍ਹ ਆਉਣ ਵਿੱਚ ਸਮਾਂ ਨਹੀਂ ਲੱਗੇਗਾ। ਉੱਥੇ ਹੀ ਕਿਸਾਨਾਂ ਵੱਲੋਂ ਤੋੜੇ ਗਏ ਟਾਵਰਾਂ 'ਤੇ ਬਿਆਨ ਦਿੰਦਿਆਂ ਕਿਹਾ ਕਿ ਕੁੱਝ 1 ਟਾਵਰ ਠੀਕ ਕਰ ਦਿੱਤੇ ਗਏ ਹਨ ਤੇ ਕਈ ਲੋਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬਿਆਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਹੈ। ਸੂਬਾ ਸਰਕਾਰ ਨੂੰ ਲਾਅ ਐਂਡ ਆਰਡਰ ਦੀ ਸਹੀ ਸਥਿਤੀ ਬਾਰੇ ਐਵਾਰਡ ਵੀ ਮਿਲ ਚੁੱਕਿਆ ਹੈ।
ਖਰੜ-ਚੰਡੀਗੜ੍ਹ ਐਲੀਵੇਟਿਡ ਕੌਰੀਡੋਰ ਦਾ ਏਰਿਅਲ ਦ੍ਰਿਸ਼