ਕੁਰਾਲੀ: ਇੱਥੋਂ ਦੇ ਚੰਡੀਗੜ੍ਹ ਰੋਡ 'ਤੇ ਲੰਘੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸੜਕ ਹਾਦਸਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਸੀਸੀਟਵੀ ਕੈਮਰੇ ਵਿੱਚ ਇੱਕ ਕਾਰ ਸੜਕ ਉੱਤੇ ਲੱਗੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਕਈ ਵਾਰ ਪਲਟੇ ਖਾਉਂਦੀ ਹੋਈ ਨਜ਼ਰ ਆਉਂਦੀ ਹੈ। ਹਾਦਸਾ ਗ੍ਰਸਤ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਜਾਨ ਬਚ ਗਈ ਅਤੇ ਦੋ ਨੌਜਵਾਨਾਂ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਹਸਪਤਾਲ ਜਾਂਦੇ ਸਮੇਂ ਹੋਈ ਨੌਜਵਾਨਾਂ ਦੀ ਮੌਤ
ਕਾਰ ਵਿੱਚ ਸਵਾਰ ਤੀਜੇ ਨੌਜਵਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਟਰੱਕ ਨੂੰ ਓਵਰਟੇਕ ਕਰ ਰਹੀ ਸੀ ਉਸੇ ਸਮੇਂ ਕਾਰ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਸੜਕ ਉੱਤੇ ਲੱਗੇ ਖੰਭੇ ਨਾਲ ਟਕਰਾ ਕੇ ਪਲਟੀਆਂ ਖਾਣ ਲੱਗੀ। ਉਸ ਸਮੇਂ ਉਹ ਕਾਰ ਦੇ ਬਾਹਰ ਨਿਕਲ ਗਏ ਤਾਂ ਉਹ ਬਚ ਗਏ। ਪਰ ਉਨ੍ਹਾਂ ਦੇ ਦੋਸਤ ਉਸ ਕਾਰ ਵਿੱਚ ਹੀ ਸਵਾਰ ਸਨ ਜਿਸ ਕਾਰਨ ਉਹ ਖ਼ੂਨ ਨਾਲ ਲੱਥਪੱਥ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਪੁਲਿਸ ਅਤੇ ਲੋਕਾਂ ਨੇ ਉਸ ਦੇ ਦੋਸਤਾਂ ਨੂੰ ਹਸਪਤਾਲ ਭੇਜਿਆ। ਹਸਪਤਾਲ ਜਾਂਦੇ ਸਮੇਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਕਾਰ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਤਿੰਨ ਨੌਜਵਾਨ ਸੀ ਜੋ ਕਿ ਕੁਰਾਲੀ ਤੋਂ ਚੰਡੀਗੜ੍ਹ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਕਾਰ ਦਾ ਨਿਯੰਤਰਣ ਖੋਹਣ ਕਾਰਨ ਇਹ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਯੋਗਿੰਦਰ ਉਰਫ਼ ਸੁਪਾਰੀ ਉਮਰ 26 ਸਾਲ ਅਤੇ ਰਾਜੇਸ਼ ਭਾਟੀਆ ਨਿਵਾਸੀ ਡੱਡੂਮਾਜਰਾ ਦੀ ਮੌਤ ਹੋ ਗਈ ਅਤੇ ਇਸ ਦਾ ਤੀਜਾ ਦੋਸਤ ਸੁਰਿੰਦਰ ਕੁਮਾਰ ਦਾ ਹਾਦਸੇ ਵਿੱਚ ਬਚਾਅ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਲਾਸ਼ ਨੂੰ ਮੋਹਾਲੀ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਧਾਰਾ 174 ਸੀ.ਆਰ.ਪੀ.ਐੱਸ ਦੇ ਅਧੀਨ ਕਾਰਵਾਈ ਕੀਤੀ ਗਈ ਹੈ।