ਮੁਹਾਲੀ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਹੀ ਸੁਖਬੀਰ ਬਾਦਲ ਮੁਹਾਲੀ ਵਿਧਾਨਸਭਾ ਹਲਕਾ ਵਿੱਚ ਪਹੁੰਚੇ ਅਤੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਦੌਰਾਨ ਸੁਖਬੀਰ ਬਾਦਲ ਨੇ ਚਰਨੀਜਤ ਚੰਨੀ ਤੇ ਡੀਜੀਪੀ ਚਟੋਪਾਧਿਆਏ ਖਿਲਾਫ਼ ਜੰਮਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਰਾਜਨੀਤੀ ਤਹਿਤ ਮਜੀਠੀਆ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਉੱਚ ਅਧਿਕਾਰੀਆਂ ਦੇ ਵੱਲੋਂ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੀਐਮ ਚੰਨੀ ਨੇ ਭ੍ਰਿਸ਼ਟਾਚਾਰੀ ਅਫਸਰ ਚਟੋਪਾਧਿਆਏ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ।
ਬਾਦਲ ਨੇ ਕਿਹਾ ਕਿ ਚੰਨੀ ਸਰਕਾਰ ਨੇ ਚਟੋਪਾਧਿਆਏ ਤੋਂ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਅਖਬਾਰੀ ਖਬਰਾਂ ਦਾ ਜ਼ਿਕਰ ਕਰਦੇ ਕਿਹਾ ਕਿ ਚਟੋਪਾਧਿਆਏ ਭ੍ਰਿਸ਼ਟਾਚਾਰੀ ਹੈ ਇਸ ਸਬੰਧੀ ਅਖਬਾਰਾਂ ਵਿੱਚ ਖਬਰਾਂ ਲੱਗ ਚੁੱਕੀਆਂ ਹਨ। ਨਾਲ ਹੀ ਸੁਖਬੀਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਈ ਤਰ੍ਹਾਂ ਦੀਆਂ ਵੀਡੀਓ ਆਡੀਆ ਵੀ ਸਾਹਮਣੇ ਆ ਰਹੇ ਹਨ ਜਿਸ ਵਿੱਚ ਡੀਜੀਪੀ ਡਰੱਗ ਤਸਕਰਾਂ ਨਾਲ ਗੱਲਾਂ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਡੀਜੀਪੀ ਦੇ ਡਰੱਗ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਜਗਦੀਸ਼ ਭੋਲਾ ਨਾਲ ਵੀ ਸਬੰਧ ਦੱਸੇ ਹਨ।
ਸੁਖਬੀਰ ਬਾਦਲ ਨੇ ਚੰਨੀ ਅਤੇ ਡੀਜੀਪੀ ਖਿਲਾਫ਼ ਭੜਾਸ ਕੱਢਦੇ ਹੋਏ ਦੋਵਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਈਡੀ ਦੀ ਰੇਡ ਮਾਮਲੇ ਵਿੱਚ ਚੰਨੀ ਦੇ ਕਰੀਬੀ ਦੇ ਘਰੋਂ ਮਿਲੇ ਕਰੋੜਾਂ ਰੁਪਏ ਵਿੱਚ ਨਵਜੋਤ ਸਿੱਧੂ ਦੇ ਚੁੱਪੀ ਧਾਰਨ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਇਸ ਮਾਮਲੇ ਵਿੱਚ ਉਹ ਚੁੱਪ ਕਿਉਂ ਹਨ।
ਇਹ ਵੀ ਪੜ੍ਹੋ: ਡਰੱਗ ਮਾਮਲਾ: ਮਜੀਠੀਆ ਦੀ ਅਗਾਉਂ ਜਮਾਨਤ ਰੱਦ