ਮੁਹਾਲੀ: ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰਾਂ ਦੇ ਖ਼ਿਲਾਫ਼ ਐੱਸਆਈਟੀ ਨੇ ਮੋਹਾਲੀ ਅਦਾਲਤ ਵਿਚ ਮੰਗਲਵਾਰ ਨੂੰ ਚਲਾਨ ਪੇਸ਼ ਕੀਤਾ। ਇਸ ਮਾਮਲੇ ਦੇ ਵਿੱਚ ਮੋਹਾਲੀ ਕੋਰਟ ਨੇ ਨਾਮਜ਼ਦ ਆਰੋਪੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰਾਂ ਨੂੰ 22 ਜਨਵਰੀ 2021 ਨੂੰ ਜਵਾਬ ਤਲੱਬ ਕੀਤਾ ਹੈ ।
ਇਹ ਮਾਮਲਾ ਸਾਲ 1991 ਦਾ ਹੈ ਜਿਸ ਵਿਚ ਮਈ 2020 ’ਚ ਮੋਹਾਲੀ ਦੇ ਮਟੌਰ ’ਚ ਪੈਂਦੇ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪਿੱਛੇ ਜਿਹੇ ਇਹ ਮਾਮਲਾ ਕਾਫੀ ਸੁਰਖੀਆਂ ’ਚ ਵੀ ਰਿਹਾ ਹੈ ਕਿਉਂਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਇਸ ਮਾਮਲੇ ਵਿਚ ਮੁੱਖ ਆਰੋਪੀ ਹਨ। ਮਾਮਲੇ ਵਿੱਚ ਦੋ ਆਰੋਪੀ ਅਪਰੂਵਰ ਬਣ ਗਏ ਸੀ।
ਸੈਣੀ ਨੂੰ ਜ਼ਿਲ੍ਹਾ ਮੁਹਾਲੀ ਕੋਰਟ, ਹਾਈਕੋਰਟ ਤੋ ਜ਼ਮਾਨਤ ਨਾ ਮਿਲਣ ’ਤੇ ਆਖ਼ਰ ’ਚ ਸੁਪਰੀਮ ਕੋਰਟ ਦਾ ਰੁਖ ਕਰਨਾ ਪਿਆ ਸੀ,ਫਿਲਹਾਲ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਹੈ।
ਦੱਸ ਦੇਈਏ ਕਿ ਮੁਲਤਾਨੀ ਕਿਡਨੈਪਿੰਗ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਐਸਆਈਟੀ ਟੀਮ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਦਾ ਇਹੀ ਕਹਿਣਾ ਸੀ ਕਿ ਉਨ੍ਹਾਂ ਦੇ ਕੋਲ ਸੈਣੀ ਖ਼ਿਲਾਫ਼ ਕਈ ਗਵਾਹ ਮੌਜੂਦ ਹਨ ਅਤੇ ਉਨ੍ਹਾਂ ਦੀ ਜਾਂਚ ਲਗਾਤਾਰ ਜਾਰੀ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜਾ ਚਲਾਨ ਪੇਸ਼ ਕੀਤਾ ਗਿਆ ਹੈ ਉਹ ਲਗਪਗ 500 ਪੇਜਾਂ ਤੋਂ ਜ਼ਿਆਦਾ ਦਾ ਹੈ ।