ਮੋਹਾਲੀ: ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉੱਘੇ ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਹਾਲ ਜਾਨਣ ਲਈ ਸ਼ਹਿਰ ਦੇ ਨਿੱਜੀ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਉਨ੍ਹਾਂ ਦਾ ਇਲਾਜ ਮੁਫ਼ਤ ਵਿੱਚ ਕਰਵਾਏਗੀ। ਜਾਣਕਾਰੀ ਲਈ ਦੱਸ ਦਈਏ, ਪਿਛਲੇ ਲੰਮੇ ਸਮੇਂ ਤੋਂ ਦਲੀਪ ਕੌਰ ਟਿਵਾਣਾ ਬਿਮਾਰ ਚੱਲ ਰਹੇ ਹਨ ਤੇ ਉਹ ਪਟਿਆਲਾ ਦੇ ਹਸਪਤਾਲ ਦੇ ਵਿੱਚ ਦਾਖ਼ਲ ਸਨ, ਜਿੱਥੋਂ ਉਨ੍ਹਾਂ ਨੂੰ ਮੋਹਾਲੀ ਵਿਖੇ ਰੈਫਰ ਕਰ ਦਿੱਤਾ ਗਿਆ।
ਮੋਹਾਲੀ ਵਿਖੇ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਬੀਤੇ ਦਿਨੀਂ ਜਿੱਥੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਲੀਪ ਕੌਰ ਟਿਵਾਣਾ ਦਾ ਹਾਲ ਜਾਨਣ ਲਈ ਪਹੁੰਚੇ ਸਨ, ਉੱਥੇ ਹੀ ਉਨ੍ਹਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਫੋਨ ਕਰਕੇ ਉਨ੍ਹਾਂ ਦੀ ਹਾਲਤ ਬਾਰੇ ਜਾਣੂ ਕਰਵਾਇਆ ਸੀ।
ਇਸ ਦੇ ਚੱਲਦੇ ਵੀਰਵਾਰ ਨੂੰ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਲੀਪ ਕੌਰ ਟਿਵਾਣਾ ਦਾ ਹਾਲ ਜਾਨਣ ਲਈ ਮੋਹਾਲੀ ਪਹੁੰਚੇ। ਇਸ ਸਬੰਧੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਦਲੀਪ ਕੌਰ ਟਿਵਾਣਾ ਨੂੰ ਮਿਲ ਕੇ ਆਏ ਹਨ, ਹਾਲਾਂਕਿ ਉਨ੍ਹਾਂ ਦਾ ਇਲਾਜ ਇੱਥੇ ਬਹੁਤ ਵਧੀਆ ਚੱਲ ਰਿਹਾ ਹੈ, ਪਰ ਠੀਕ ਹੋਣਾ ਨਾ ਹੋਣਾ ਰੱਬ ਦੇ ਹੱਥ ਵਿੱਚ ਹੈ।