ਮੋਹਾਲੀ : ਕੋਰੋਨਾ ਕਾਰਨ ਪੈਦਾ ਹੋਏ ਗੰਭੀਰ ਸਕੰਟ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਡੀਜ਼ਲ ਅਤੇ ਪੈਟਰੋਲ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਵਾਧੇ ਨਾਲ ਸੂਬਾ ਸਰਕਾਰ ਨੂੰ ਲਾਭ ਹੋਵੇਗਾ, ਪਰ ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਦੇ ਪੈਟਰੋਲ ਪੰਪ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਫੈਸਲੇ ਨਾਲ ਭਾਰੀ ਨੁਕਸਾਨ ਝੱਲਣਾ ਪਵੇਗਾ।
ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਮੋਹਾਲੀ ਪੈਟਰੋਲ ਡੀਜ਼ਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਿੰਦਰ ਮੋਂਗੀਆ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਟ੍ਰਾਈਸਿਟੀ ਦੇ ਵਿੱਚ ਕੀਮਤਾਂ ਨੂੰ ਬਰਾਬਰ ਕਰਨ ਦੀ ਮੰਗ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਉਹ ਬਲੈਕ ਕੀਤੇ ਜਾਂਦੇ ਤੇਲ ਦੇ ਟੈਂਕਰ ਵੀ ਪਕੜਵਾ ਚੁੱਕੇ ਹਨ। ਚੰਡੀਗੜ੍ਹ ਦੇ ਵਿੱਚ ਛੋਟਾਂ ਮਿਲਦੇ ਹੀ ਮੁਹਾਲੀ ਅਤੇ ਪੰਚਕੂਲਾ ਦੇ ਲੋਕ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੋਂ ਤੇਲ ਪਵਾ ਰਹੇ ਨੇ ਜੇਕਰ ਗੱਲ ਕਰੀਏ ਮੋਹਾਲੀ 8 ਫੇਸ ਤੋਂ ਚੰਡੀਗੜ੍ਹ ਡੇਢ ਕਿਲੋਮੀਟਰ ਦੂਰ ਹੈ ਮੋਹਾਲੀ ਦੇ ਪੈਟਰੋਲ ਪੰਪ ਤੇ 500 ਲੀਟਰ ਅਤੇ ਚੰਡੀਗੜ੍ਹ ਦੇ ਪੈਟਰੋਲ ਪੰਪ 'ਤੇ 25 ਹਜ਼ਾਰ ਲੀਟਰ ਦੀ ਵਿਕਰੀ ਹੋ ਰਹੀ ਹੈ।
ਉੱਥੇ ਹੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੁਸ਼ੀਲ ਚੋਪੜਾ ਨੇ ਦੱਸਿਆ ਕਿ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਮੋਹਾਲੀ ਜ਼ਿਲ੍ਹੇ ਵਿੱਚੋਂ ਸਰਕਾਰ ਨੂੰ ਪੈਟਰੋਲ ਪੰਪ ਤੋਂ ਕੋਈ ਵੀ ਮਾਲੀਆ ਵਸੂਲ ਨਹੀਂ ਹੋ ਰਿਹਾ ਅਤੇ ਤਕਰੀਬਨ ਪੰਜ ਸੌ ਕਰੋੜ ਰੁਪਏ ਦਾ ਘਾਟਾ ਸੂਬਾ ਸਰਕਾਰ ਨੂੰ ਹੋ ਰਿਹਾ ਹੈ।