ਮੋਹਾਲੀ: ਨਸ਼ਾ ਤਸਕਰਾਂ ਅਤੇ ਨਸ਼ੇ ਉੱਤੇ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ ਤਹਿਤ ਮੋਹਾਲੀ ਪੁਲਿਸ ਦੀ ਐੱਸਟੀਐਫ ਟੀਮ ਨੇ ਇੱਕ ਨਸ਼ਾ ਤਸਕਰ ਨੂੰ 140 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੂੰ ਇੱਕ ਨਸ਼ਾ ਤਸਕਰ ਬਾਰੇ ਗੁਪਤ ਸੂਚਨਾ ਮਿਲੀ ਸੀ ਨਸ਼ਾ ਤਸਕਰ ਗੱਡੀ 'ਚ ਸਵਾਰ ਹੋ ਕੇ ਲਾਂਡਰਾਂ ਵਾਲੇ ਪਾਸਿਓਂ ਲਖਨੌਰ 'ਚ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਟੀਮ ਤਿਆਰ ਕਰਕੇ ਮੁਲਜ਼ਮ ਨੂੰ ਮੌਕੇ 'ਤੇ ਨਾਕੇਬੰਦੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਮੰਮੂ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 140 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ 'ਚ ਮੁਲਜ਼ਮ ਨੇ ਦੱਸਿਆ ਕਿ ਪਿੰਡ 'ਚ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਸ 'ਤੇ ਮੁੱਕਦਮਾ ਦਰਜ ਹੋ ਗਿਆ। ਮੁੱਕਦਮੇ ਦੌਰਾਨ ਉਸ ਦਾ ਬਹੁਤ ਖ਼ਰਚਾ ਹੋ ਗਿਆ ਅਤੇ ਆਰਥਿਕ ਤੰਗੀ ਕਾਰਨ ਉਸ ਨੇ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਇਹ ਹੈਰੋਇਨ ਦਿੱਲੀ ਦੇ ਵਿਕਾਸਪੁਰੀ ਇਲਾਕੇ ਤੋਂ ਇਕ ਨਾਈਜੀਰੀਅਨ ਵਿਅਕਤੀ ਤੋਂ ਲਿਆਉਂਦਾ ਸੀ ਤੇ ਹੁਣ ਤੱਕ ਇਹ ਦਿੱਲੀ ਤੋਂ ਤਿੰਨ ਵਾਰ ਹੈਰੋਇਨ ਲਿਆ ਕੇ ਵੇਚ ਚੁੱਕਾ ਹੈ।
ਹੋਰ ਪੜ੍ਹੋ : ਜਲੰਧਰ ਵਿੱਚ ਹੁੱਕਾ ਬਾਰ 'ਤੇ ਪੁਲਿਸ ਨੇ ਮਾਰਿਆ ਛਾਪਾ
ਫਿਲਹਾਲ ਪੁਲਿਸ ਵੱਲੋਂ ਮੁਲਜ਼ਮ 'ਤੇ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।