ਮੋਹਾਲੀ: ਬੇਸ਼ੱਕ ਕੁਰਾਲੀ ਦੇ ਮਾਡਲ ਟਾਊਨ ਨੂੰ ਸ਼ਹਿਰ ਦਾ ਵੀਆਈਪੀ ਏਰੀਆ ਮੰਨਿਆ ਜਾਂਦਾ ਹੈ ਪਰ ਮਾਡਲ ਟਾਊਨ ਦੀਆਂ ਕੁਝ ਕਾਲੋਨੀਆਂ ਦੀਆਂ ਗਲੀਆਂ ਹਾਲੇ ਤੱਕ ਪੱਕੀਆਂ ਨਹੀਂ ਹਨ। ਇਸ ਦੇ ਨਾਲ ਹੀ ਨਾ ਹੀ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਦੀ ਲਾਈਨ ਪਾਈ ਗਈ ਹੈ। ਇੱਥੋਂ ਤੱਕ ਕਿ ਲਾਈਟਾਂ ਦਾ ਪ੍ਰਬੰਧ ਵੀ ਨਾ ਮਾਤਰ ਹੈ।
ਇਸ ਦੇ ਚਲਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਓਬਜ਼ਰਬਰ ਹਰਜੀਤ ਸਿੰਘ ਬੰਟੀ ਤੇ ਸੀ.ਵਾਈ ਐਸ ਵਿੰਗ ਦੇ ਸਾਬਕਾ ਪ੍ਰਧਾਨ ਗੋਲਡੀ ਜਸਵਾਲ ਨੂੰ ਸੱਦ ਕੇ ਮਦਦ ਦੀ ਗੁਹਾਰ ਲਗਾਈ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ਼ ਸਹੂਲਤਾਂ ਨਹੀਂ ਦੇਣ ਲਈ ਨਾਰੇਬਾਜ਼ੀ ਕੀਤੀ।
ਮਾਡਲ ਟਾਊਨ ਨਿਵਾਸੀ ਸਰਬਜੀਤ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਘਰ ਖ਼ਰੀਦਿਆ ਸੀ ਤਾਂ ਡੀਲਰ ਨੇ ਕਿਹਾ ਸੀ ਕਿ ਛੇਤੀ ਹੀ ਸੜਕਾਂ, ਪਾਣੀ ਅਤੇ ਲਾਈਟਾਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਹੁਣ 2020 ਆ ਗਿਆ ਪਰ ਹਾਲਾਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਦੇ ਲੀਡਰ ਆ ਚੁੱਕੇ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ।
ਇਸ ਬਾਰੇ ਆਪ ਦੇ ਵਰਕਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਮਹੱਲਾ ਨਿਵਾਸੀਆਂ ਨੇ ਬੁਲਾਇਆ ਹੈ ਤੇ ਵਾਰਡ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ। ਇੱਥੇ ਬਿਲਡਰ ਨੇ ਨਾਂ ਤਾਂ ਸੜਕ ਬਣਾਈ ਹੈ ਨਾ ਹੀ ਗੱਟਕਾ ਪਾਇਆ ਗਿਆ ਹੈ, ਜਦੋਂ ਕਿ ਇਨ੍ਹਾਂ ਘਰਾਂ ਦੇ ਪਲਾਟ ਦੇ ਨਕਸ਼ੇ ਕੋਲ ਹਨ ਇਹ ਹਰ ਸਾਲ ਟੈਕਸ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਹੱਲਾ ਨਿਵਾਸੀਆਂ ਦੇ ਨਾਲ ਹਨ, ਜੇਕਰ ਇਨ੍ਹਾਂ ਦੇ ਹੱਕਾਂ ਲਈ ਧਰਨਾ ਵੀ ਲਗਾਉਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।
ਈਓ ਵੀਕੇ ਜੈਨ ਨੇ ਕਿਹਾ ਕਿ ਨਗਰ ਕੌਂਸਲ ਕੋਲ ਕਿਸੇ ਨੇ ਵੀ ਪਾਣੀ ਦਾ ਕੁਨੈਕਸ਼ਨ ਲੈਣ ਲਈ ਅਪਲਾਈ ਨਹੀਂ ਕੀਤਾ ਤੇ ਨਾ ਹੀ ਇਸ ਮਾਮਲੇ ਸਬੰਧੀ ਉਨ੍ਹਾਂ ਦੇ ਕੋਲ ਕੋਈ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੀ ਇਨ੍ਹਾਂ ਸਾਰੇ ਘਰਾਂ ਨੂੰ ਫੋਨ ਉੱਤੇ ਸੂਚਿਤ ਕੀਤਾ ਗਿਆ ਹੈ ਕਿ ਲੋਕ ਪਾਣੀ ਦਾ ਕੁਨੈਕਸ਼ਨ ਲੈਣ ਲਈ ਦਫਤਰ ਵਿੱਚ ਫਾਇਲ ਜਮਾਂ ਕਰਵਾਉਣ। ਉਨ੍ਹਾਂ ਨੂੰ ਪਾਣੀ ਦਾ ਕੁਨੈਕਸ਼ਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੜਕਾ ਬਣਾਉਣ ਸੰਬਧੀ ਐੱਸਟੀਮੇਟ ਪਾਸ ਹੋ ਚੂਕਿਆ ਹੈ ਤੇ ਲੌਕਡਾਊਨ ਦੇ ਤੁਰੰਤ ਬਾਅਦ ਛੇਤੀ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਵੇਗੀ।