ਮੋਹਾਲੀ: ਖਰੜ 'ਚ ਵਾਪਰੇ ਹਾਦਸੇ 'ਚ ਜੇਸੀਬੀ ਡਰਾਈਵਰ ਹਰਵਿੰਦਰ ਸਿੰਘ ਬਚਾਇਆ ਨਹੀਂ ਜਾ ਸਕਿਆ ਹੈ। ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਚਾਅ ਕਾਰਜ ਖਤਮ ਕਰ ਦਿੱਤਾ ਗਿਆ ਹੈ। ਮਲਬੇ ਹੇਠਾਂ ਦੱਬੇ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਸਭ ਤੋਂ ਪਹਿਲਾਂ ਦੋ ਨੌਜਵਾਨਾਂ ਨੂੰ ਰੈਸਕਿਊ ਕੀਤਾ ਗਿਆ ਸੀ। ਉਸ ਤੋਂ ਬਾਅਦ ਇੱਕ ਹੋਰ ਨੌਜਵਾਨ ਨੂੰ ਸਹੀ-ਸਲਾਮਤ ਬਾਹਰ ਕੱਢਿਆ ਗਿਆ। ਮਨਜੀਤ ਨਾਂਅ ਦੇ ਇਸ ਸ਼ਖ਼ਸ ਨੂੰ ਬਾਹਰ ਕੱਢਣ ਤੋਂ ਬਾਅਦ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਜਾਣਕਾਰੀ ਅਨੁਸਾਰ, ਮਨਜੀਤ ਢਹਿ-ਢੇਰੀ ਹੋਈ ਇਮਾਰਤ 'ਚ ਬਤੌਰ ਅਕਾਊਂਟੈਂਟ ਕੰਮ ਕਰਦਾ ਸੀ।
ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਨੁਸਾਰ, ਜਿਸ ਵੇਲੇ ਇਮਾਰਤ ਢਹਿ-ਢੇਰੀ ਹੋਈ। ਉਸ ਵੇਲੇ ਇੱਕ ਜੇਸੀਬੀ ਨਾਲ ਲੱਗਦੀ ਇਮਾਰਤ ਵਿਚ ਇਕ ਬੇਸਮੈਂਟ ਲਈ ਉਸਾਰੀ ਦੇ ਕੰਮ ‘ਤੇ ਸੀ। ਸਰਕਾਰੀ ਬੁਲਾਰੇ ਨੇ ਕਿਹਾ ਕਿ ਜਾਂਚ 'ਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਨਿਰਮਾਣ ਗੈਰਕਾਨੂੰਨੀ ਸੀ ਜਾਂ ਨਹੀਂ।
ਦੱਸਿਆ ਜਾ ਰਿਹਾ ਹੈ ਕਿ ਇਮਾਰਤ 'ਚ ਦਫ਼ਤਰ ਹੋਣ ਕਾਰਨ ਸਾਰਾ ਸਟਾਫ ਅੰਦਰ ਹੀ ਮੌਜੂਦ ਸੀ। ਇਸ ਇਮਾਰਤ ਦੇ ਨਾਲ ਹੀ ਨਿਰਮਾਣ ਕਾਰਜ ਚੱਲ ਰਿਹਾ ਹੈ।