ਮੁਹਾਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਪੁਲਿਸ ਹਰਕਤ 'ਚ ਹੈ। ਇਸ ਨੂੰ ਲੈਕੇ ਪੁਲਿਸ ਵਲੋਂ ਪੰਜਾਬ ਸਮੇਤ ਹੋਰਨਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸਵੇਰ ਤੜਕਸਾਰ ਤੋਂ ਪੁਲਿਸ ਵਲੋਂ ਅੱਜ ਮੁਹਾਲੀ ਅਤੇ ਖਰੜ 'ਚ ਛਾਪੇਮਾਰੀ ਕੀਤੀ ਹੈ।
ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ: ਮੁਹਾਲੀ ਦੇ ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ ਦੌਰਾਨ ਪੁਲਿਸ ਵਲੋਂ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਕੁਝ ਗੱਡੀਆਂ ਵੀ ਰਾਊਂਡਅੱਪ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇੰਨਾਂ ਨੌਜਵਾਨਾਂ 'ਚੋਂ ਕਿਸੇ ਦੇ ਤਾਰ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਹੋ ਸਕਦੇ ਹਨ।
ਪੁਲਿਸ ਛਾਉਣੀ 'ਚ ਤਬਦੀਲ: ਇਸ ਸਬੰਧੀ ਮੁਹਾਲੀ ਦੇ ਡੀ.ਐਸ.ਪੀ ਬਰਾੜ ਨੇ ਕਿਹਾ ਕਿ ਡੀ.ਆਈ.ਜੀ. ਤੇ ਜ਼ਿਲ੍ਹੇ ਦੇ ਐਸ.ਐਸ.ਪੀ. ਦੇ ਨਿਰਦੇਸ਼ਾਂ 'ਤੇ ਜਲਵਾਯੂ ਟਾਵਰ ਇਲਾਕੇ 'ਚ ਇਹ ਕਾਰਵਾਈ ਕੀਤੀ ਗਈ ਹੈ। ਜਿਸ 'ਚ ਜ਼ਿਲ੍ਹਾ ਅਪਰੇਸ਼ਨ ਸੈੱਲ ਵੀ ਨਾਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਸੋ ਤੋਂ ਵੱਧ ਮੁਲਾਜ਼ਮਾਂ ਨਾਲ ਇਹ ਰੇਡ ਕੀਤੀ ਗਈ ਹੈ। ਜਿਸ ਦੌਰਾਨ ਪੂਰਾ ਜਲਵਾਯੂ ਟਾਵਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਦਰਜਨ ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕੀਤੇ ਜਾਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆ ਕਿ ਇਹ ਰੇਡ ਅੱਗੇ ਵੀ ਇਸ ਤਰ੍ਹਾਂ ਹੀ ਜਾਰੀ ਰਹੇਗੀ।
ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀ ਮੌਜੂਦ : ਇਸ ਮੌਕੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ 'ਤੇ ਮੌਜੂਦ ਸਨ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਨੇ 20 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਮੁਹਾਲੀ, ਫਤਹਿਗੜ੍ਹ ਸਾਹਿਬ ਤੇ ਰੋਪੜ ਪੁਲਿਸ ਦਾ ਜੁਆਇੰਟ ਆਪਰੇਸ਼ਨ ਹੈ। ਪੁਲਿਸ ਨੇ 3 ਸੁਸਾਇਟੀਆਂ 'ਚ ਜਲਵਾਯੂ, ਹੋਮਲੈਂਡ ਤੇ ਈਡਨ ਕੋਰਟ ਸੁਸਾਇਟੀ 'ਚ ਰੇਡ ਕੀਤੀ ਗਈ ਹੈ। ਇਸ ਦੌਰਾਨ 7 ਹਥਿਆਰ ਅਤੇ 21 ਲੱਖ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ 10 ਵਾਹਨ ਵੀ ਜ਼ਬਤ ਕੀਤੇ ਗਏ ਹਨ। ਨਾਲ ਹੀ 18 ਗ੍ਰਾਮ ਅਫੀਮ ਵੀ ਬਰਾਮਦ ਹੋਈ। ਇਹ ਨੌਜਵਾਨ ਬਿਨ੍ਹਾਂ ਵੈਰੀਫਿਕੇਸ਼ਨ ਦੇ ਰਹਿ ਰਹੇ ਸਨ।
ਨਕਦੀ ਦੀ ਇਨਕਮ ਟੈਕਸ ਨੂੰ ਸੂਚਨਾ: ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਮੁਹਾਲੀ ਜ਼ਿਲ੍ਹੇ ਵਿੱਚ ਤਿੰਨ ਟਾਵਰ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਜਿਸ ਵਿੱਚ ਐਸਐਸਪੀ ਮੁਹਾਲੀ, ਐਸਐਸਪੀ ਰੋਪੜ ਅਤੇ ਐਸਐਸਪੀ ਫਤਿਹਗੜ੍ਹ ਨੇ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਹੈ। ਇਸ ਵਿੱਚ ਅਸੀਂ 20 ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਏ ਹਨ, ਉਨ੍ਹਾਂ ਤੋਂ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ 21 ਲੱਖ ਦੀ ਨਕਦੀ ਬਰਾਮਦ ਹੋਈ ਹੈ, ਜਿਸ ਦੀ ਸੂਚਨਾ ਇਨਕਮ ਟੈਕਸ ਨੂੰ ਦਿੱਤੀ ਗਈ ਹੈ।
ਸ਼ੱਕੀ ਵਾਹਨ ਵੀ ਕੀਤੇ ਕਾਬੂ: ਇਸ ਤੋਂ ਇਲਾਵਾ ਕਰੀਬ ਇੱਕ ਦਰਜਨ ਵਾਹਨ ਕਬਜ਼ੇ ਵਿੱਚ ਲਏ ਗਏ ਹਨ। ਇਹ ਜਾਅਲੀ ਨੰਬਰ ਪਲੇਟਾਂ ਜਾਂ ਕਾਲੀਆਂ ਫਿਲਮਾਂ ਨਾਲ ਪਾਰਕ ਕੀਤੇ ਹੋਏ ਸਨ, ਜਿਨ੍ਹਾਂ ਦੀ ਦੁਰਵਰਤੋਂ ਹੋਣ ਦਾ ਸਾਨੂੰ ਸ਼ੱਕ ਹੈ। ਇਸ ਤੋਂ ਇਲਾਵਾ ਅਫੀਮ ਵੀ ਬਰਾਮਦ ਕੀਤੀ ਗਈ ਹੈ, ਜਲਦ ਹੀ ਹੋਰ ਖੁਲਾਸੇ ਕੀਤੇ ਜਾਣਗੇ।
ਬਠਿੰਡਾ ਦਾ ਨੌਜਵਾਨ ਕੀਤਾ ਨਾਮਜ਼ਦ: ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਲੋਂ ਬਠਿੰਡਾ ਦੇ ਕੇਸ਼ਵ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਸੀ। ਜਿਸ ਦੇ ਲਈ ਪੁਲਿਸ ਵਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ। ਇਸ 'ਚ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਕੇਸ਼ਵ ਨੂੰ ਬੇਦਖਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਉਨ੍ਹਾਂ ਨੂੰ ਪਰੇਸ਼ਾਨ ਨਾ ਕਰੇ। ਪਰਿਵਾਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬੇਟਾ ਚੰਡੀਗੜ੍ਹ ਮੁਹਾਲੀ ਹੀ ਰਹਿੰਦਾ ਸੀ।
ਇਹ ਵੀ ਪੜ੍ਹੋ: ਸੀਐੱਮ ਰਿਹਾਇਸ਼ ਅੰਦਰ ਧਰਨਾ ਦੇ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ