ਮੋਹਾਲੀ: ਪੰਜਾਬ ਦੀ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਜਿੱਥੇ ਸੋਮਵਾਰ ਨੂੰ ਸ੍ਰੀ ਸੱਤ ਨਰਾਇਣ ਮੰਦਿਰ, ਮਟੌਰ, ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਦੌਰਾ ਕੀਤਾ, ਉੱਥੇ ਹੀ ਮਹਿਲਾ ਮੰਡਲ, ਸਤ ਨਰਾਇਣ ਮੰਦਰ ਮਟੌਰ ਦੀਆਂ ਮੈਂਬਰਾਂ ਤੋਂ ਉਨਾਂ ਦੀਆਂ ਮੁਸ਼ਕਲਾਂ ਸੁਣੀਆਂ।
ਮੰਡਲ ਪ੍ਰਧਾਨ ਦਇਆਵੰਤੀ ਬਾਂਸਲ ਤੇ ਮੀਤ ਪ੍ਰਧਾਨ ਆਭਾ ਬਾਂਸਲ ਵੱਲੋਂ ਸ੍ਰੀ ਸਨਾਤਨ ਧਰਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਉਤੇ ਔਰਤਾਂ ਨੂੰ ਤੰਗ ਕਰਨ ਅਤੇ ਪਖ਼ਾਨਿਆਂ ਨੂੰ ਤਾਲਾ ਲਾਉਣ ਦਾ ਮੁੱਦਾ ਚੁੱਕਿਆ ਗਿਆ। ਇਸ ਉਤੇ ਮਨੀਸ਼ਾ ਗੁਲਾਟੀ ਨੇ ਮੰਦਰ ਕਮੇਟੀ ਨੂੰ ਭਲਕੇ 7 ਜਨਵਰੀ 2020 ਨੂੰ ਆਪਣੇ ਦਫ਼ਤਰ ਵਿੱਚ ਤਲਬ ਕੀਤਾ।
ਉਨ੍ਹਾਂ ਕਿਹਾ ਕਿ ਔਰਤਾਂ ਨਾਲ ਜ਼ਿਆਦਤੀ ਬਿਲਕੁੱਲ ਬਰਦਾਸ਼ਤ ਨਹੀਂ ਹੋਵੇਗੀ। ਉਨਾਂ ਮੌਕੇ ਉਤੇ ਮੌਜੂਦ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੂੰ ਮੰਦਰ ਦੇ ਅੰਦਰ ਮਹਿਲਾ ਮੰਡਲ ਦੀਆਂ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਨ ਦੇ ਆਦੇਸ਼ ਦਿੱਤੇ ਅਤੇ ਪਖਾਨਿਆਂ ਨੂੰ ਲੱਗਿਆ ਤਾਲਾ ਆਪਣੀ ਹਾਜ਼ਰੀ ਵਿੱਚ ਖੁਲਵਾਇਆ।
ਚੇਅਰਪਰਸਨ ਨੇ ਕਿਹਾ ਕਿ ਉਹ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰ ਕੇ ਮੰਦਰ ਦੀ ਨਵੀਂ ਪ੍ਰਬੰਧਕ ਕਮੇਟੀ ਵਿੱਚ ਔਰਤਾਂ ਨੂੰ 50 ਫੀਸਦੀ ਨੁਮਾਇੰਦਗੀ ਦਿਵਾਈ ਜਾਵੇਗੀ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਿਹਾਅ ਕੀਤੇ ਭਾਰਤੀ ਮਛੇਰੇ, ਵਾਹਘਾ ਰਾਹੀਂ ਪਰਤੇ ਵਤਨ ਵਾਪਸ