ਮੋਹਾਲੀ: ਪਿਛਲੇ ਇੱਕ ਸਾਲ ਤੋਂ ਹੈਡਸ ਪਾਲ ਕੰਪਨੀ ਵੱਲੋਂ ਚਲਾਈ ਜਾ ਰਹੇ ਹੱਬਲ ਆਦਰਸ਼ ਸਕੂਲ ਕਾਲੇਵਾਲ ਦੇ ਸਮੂਹ ਸਟਾਫ਼ ਨੇ ਮੱਥੇ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੋਸ ਪ੍ਰਦਰਸ਼ਨ ਦੌਰਾਨ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ।
ਇਸ ਸਬੰਧੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 6 ਮਹੀਨਿਆਂ ਤੋਂ ਵਟਸਐਪ ਗਰੁੱਪ ਦੇ ਰਾਹੀਂ ਆਪਣੇ-ਆਪਣੇ ਘਰਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਤੇ ਉਨ੍ਹਾਂ ਦਾ ਮੁਲਾਂਕਣ ਵੀ ਕਰ ਰਹੇ ਹਨ। ਪਰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਕੰਪਨੀ ਉਨ੍ਹਾਂ ਨੂੰ ਛੇ ਮਹੀਨੇ ਤੋਂ ਤਨਖ਼ਾਹ ਨਹੀਂ ਦੇ ਰਹੀ।
ਉਨ੍ਹਾਂ ਦੱਸਿਆ ਕਿ ਉਹ ਆਪਣੀ ਤਨਖ਼ਾਹਾਂ ਲੈਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਚੁੱਕੇ ਹਨ। ਪੰਜਾਬ ਐਜੂਕੇਸ਼ਨ ਡਿਪਲੈਵਪਮੈਂਟ ਬੋਰਡ (ਪੀਈਡੀਬੀ) ਤੋਂ ਲੈ ਕੇ ਡੀਈਓ, ਐੱਸਡੀਐਮ, ਸਿੱਖਿਆ ਮੰਤਰੀ ਤੇ ਨਾਲ ਹੀ ਕੰਪਨੀ ਦੇ ਸਾਰੇ ਉੱਚ ਅਧਿਕਾਰੀਆਂ ਤੱਕ ਕਈ ਵਾਰ ਬੇਨਤੀ ਪੱਤਰ ਭੇਜੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਕਿਸੇ ਵੱਲੋਂ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ, ਸਗੋਂ ਲਾਰੇ ਹੀ ਮਿਲੇ ਹਨ।
ਹੁਣ ਉਹ ਤੰਗ ਹੋ ਕੇ ਸਕੂਲ ਆਏ ਹਨ ਫਿਰ ਵੀ ਉਨ੍ਹਾਂ ਨੂੰ ਸਕੂਲ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਦਾ ਕੋਈ ਅਧਿਕਾਰੀ ਨਹੀਂ ਮਿਲਿਆ। ਸਮੂਹ ਸਟਾਫ਼ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਤਨਖ਼ਾਹ ਦਿੱਤੀ ਜਾਵੇ।
ਉੱਥੇ ਹੀ ਸਕੂਲ ਦੇ ਐਮਡੀ ਹਰਜਿੰਦਰ ਸਿੰਘ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਆਪਣਾ ਸਪੱਸ਼ਟੀਕਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਥੋੜਾ ਹੀ ਸਮਾਂ ਹੋਇਆ ਹੈ ਤੇ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਨਵੇਂ ਨਿਯੁਕਤੀ ਫ਼ਾਰਮ ਭਰਨ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਕਿਸੇ ਅਧਿਆਪਕ ਵੱਲੋ ਫ਼ਾਰਮ ਨਹੀਂ ਭਰਿਆ ਗਿਆ। ਹਰਜਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਫ਼ਾਰਮ ਭਰਨਗੇ ਤਾਂ ਛੇਤੀ ਹੀ ਉਨ੍ਹਾਂ ਦੀ ਤਨਖ਼ਾਹ ਅਕਾਊਂਟ ਵਿੱਚ ਪਾ ਦਿੱਤੀ ਜਾਵੇਗੀ। ਹੁਣ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਮਿਲਦੀਆਂ ਹਨ ਜਾਂ ਨਹੀਂ।