ਮੋਹਾਲੀ: ਸੂਬੇ ਭਰ ਵਿੱਚੋਂ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਸ਼ਹਿਰ ਮੁਹਾਲੀ ਵਿੱਚ ਹੁਣ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ‘ਬੀਟ ਪ੍ਰਣਾਲੀ’ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।
ਇਸ ਮੌਕੇ ਸਿੱਧੂ ਨੇ ਦੱਸਿਆ ਕਿ ਇਸ ਨਿਵੇਕਲੀ ‘ਬੀਟ ਪ੍ਰਣਾਲੀ’ ਤਹਿਤ ਇੰਡਸਟਰੀਅਲ ਏਰੀਆ ਫ਼ੇਜ਼-7 ਵਿੱਚ 7 ਤੇ ਇੰਡਸਟਰੀਅਲ ਏਰੀਆ ਫ਼ੇਜ਼ 8 ਵਿੱਚ ਚਾਰ ਬੀਟਾਂ ਬਣਾਈਆਂ ਗਈਆਂ ਹਨ। ਇਸ ਤਹਿਤ ਹਰੇਕ ਬੀਟ ਵਿੱਚ ਇਕ ਕਿਲੋਮੀਟਰ ਦਾ ਏਰੀਆ ਬਣਾ ਕੇ ਇਕ ਵਿਅਕਤੀ ਨੂੰ ਇਸ ਦੀ ਸਫ਼ਾਈ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਉਹ ਵਿਅਕਤੀ ਸਬੰਧਤ ਥਾਂ 'ਤੇ ਪਹੁੰਚਣ ਤੋਂ ਬਾਅਦ ਮੋਬਾਈਲ ਉਤੇ ਫ਼ੋਟੋ ਖਿੱਚ ਕੇ ਭੇਜੇਗਾ, ਜਿਸ ਤੋਂ ਬਾਅਦ ਉਸ ਦੀ ਹਾਜ਼ਰੀ ਲੱਗੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਨਾਲ ਜਿੱਥੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣੇਗੀ, ਉਥੇ ਸਫ਼ਾਈ ਵਿਵਸਥਾ ਉਤੇ ਵੀ ਤਿੱਖੀ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ।
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਨਅਤਕਾਰਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ, ਕਿ ਸਫ਼ਾਈ ਲਈ ਬੀਟ ਪ੍ਰਣਾਲੀ ਸ਼ੁਰੂ ਕੀਤੀ ਜਾਵੇ, ਜਿਸ ਨੂੰ ਅੱਜ ਬੂਰ ਪਿਆ ਹੈ। ਇਸ ਮਗਰੋਂ ਸਿੱਧੂ ਨੇ ਈਐਸਆਈ ਹਸਪਤਾਲ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਹੁਕਮ ਦਿੱਤੇ।