ਮੋਹਾਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ। ਇੱਥੇ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਹੁਣ ਜਾਣਕਾਰੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿੱਚ ਸੁਧਾਰ ਹੈ। ਉਨ੍ਹਾਂ ਨੂੰ ਕੁਝ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਵੀ ਮਿਲ ਸਕਦੀ ਹੈ।
ਸਿਹਤ ਅਪਡੇਟ: ਮੀਡੀਆਂ ਰਿਪਰੋਟਾਂ ਮੁਤਾਬਕ, ਡਾਕਟਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਤ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਐਤਵਾਰ ਦੇਰ ਰਾਤ ਤੱਕ ਫੋਰਟਿਸ ਹਸਪਤਾਲ ਵਿੱਚ ਪਿਤਾ ਕੋਲ ਹੀ ਰਹੇ ਅਤੇ ਡਾਕਟਰਾਂ ਕੋਲੋਂ ਉਨ੍ਹਾਂ ਦੀ ਸਿਹਤ ਦਾ ਸਾਰਾ ਅਪਡੇਟ ਲਿਆ।
ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਸੀ। ਇਸ ਤੋਂ ਇਲਾਵਾ, NCP ਨੇਤਾ ਸੁਪ੍ਰੀਆ ਸੁਲੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਸਿਹਤ ਵਿਗੜਨ 'ਤੇ ਟਵੀਟ ਕਰਕੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਸੂਲੇ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, 'ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਸਾਹਬ, ਜਲਦੀ ਠੀਕ ਹੋ ਜਾਓ! ਜਲਦੀ ਸਿਹਤਮੰਦ ਹੋਵੋ।'
ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ 95 ਸਾਲ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਮਹਿਸੂਸ ਹੋ ਰਹੀ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਸੀ ਕਿ, "ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਡੀਕਲ ਆਈਸੀਯੂ ਵਿੱਚ ਉਨ੍ਹਾਂ ਦੀ ਹਾਲਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।" ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਬਾਦਲ ਨੂੰ ਗੈਸਟਰਾਈਟਸ ਅਤੇ ਦਮੇ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਿਛਲੇ ਸਾਲ ਜੂਨ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਸਿਆਸੀ ਕਰੀਅਰ: ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿੱਚ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਸ਼ੁਰੂਆਤ ਕੀਤੀ। ਪਰ, ਉਨ੍ਹਾਂ ਨੇ ਸਾਲ 1957 ਵਿਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ। 1969 ਵਿੱਚ ਉਹ ਮੁੜ ਵਿਧਾਨ ਸਭਾ ਚੋਣਾਂ ਜਿੱਤ ਗਏ। 1969-1970 ਤੱਕ, ਉਸਨੇ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਆਦਿ ਨਾਲ ਸਬੰਧਤ ਮੰਤਰਾਲਿਆਂ ਵਿੱਚ ਕਾਰਜਕਾਰੀ ਮੰਤਰੀ ਵਜੋਂ ਕੰਮ ਕੀਤਾ। ਪ੍ਰਕਾਸ਼ ਸਿੰਘ ਬਾਦਲ 1970-71, 1977-80, 1997-2002 ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ 1972, 1980 ਅਤੇ 2002 ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ। ਉਹ ਮੋਰਾਰਜੀ ਦੇਸਾਈ ਦੇ ਸ਼ਾਸਨਕਾਲ ਦੌਰਾਨ ਸੰਸਦ ਮੈਂਬਰ ਵੀ ਬਣੇ।
ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰੀ ਮੰਤਰੀ ਵਜੋਂ ਖੇਤੀਬਾੜੀ ਅਤੇ ਸਿੰਚਾਈ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 30ਵੇਂ ਮੁੱਖ ਮੰਤਰੀ ਹਨ। ਉਨ੍ਹਾਂ ਦਾ ਕਾਰਜਕਾਲ 1 ਮਾਰਚ 2007 ਤੋਂ 2017 ਤੱਕ ਰਿਹਾ ਹੈ।ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਵੱਕਾਰੀ ਸਿੱਖੀ 'ਤੇ ਆਧਾਰਿਤ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਰਾਖੀ ਅਤੇ ਉਨ੍ਹਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਲਈ ਆਪਣੀ ਜ਼ਿੰਦਗੀ ਦੇ ਤਕਰੀਬਨ ਸਤਾਰਾਂ ਸਾਲ ਜੇਲ੍ਹਾਂ ਵਿਚ ਕੱਟੇ ਹਨ।
ਇਹ ਵੀ ਪੜ੍ਹੋ: Modi Surname Case: ਮੋਦੀ ਸਰਨੇਮ ਮਾਮਲੇ 'ਚ ਰਾਹੁਲ ਗਾਂਧੀ ਪਟਨਾ 'ਚ ਪੇਸ਼ ਹੋਣਗੇ ਜਾਂ ਨਹੀਂ ? ਹਾਈਕੋਰਟ ਦਾ ਫੈਸਲਾ ਅੱਜ