ਡੇਰਾਬੱਸੀ: ਪੰਜਾਬ ਐਕਸਾਈਜ਼ ਵਿਭਾਗ ਅਤੇ ਤਰਨਤਾਰਨ ਦੀ ਸਪੈਸ਼ਲ ਜਾਂਚ ਟੀਮਾਂ ਨੇ ਸਾਂਝੇ ਰੂਪ ਵਿੱਚ ਐਤਵਾਰ ਨੂੰ ਵੱਡੀ ਕਾਰਵਾਈ ਦੌਰਾਨ ਡੇਰਾਬੱਸੀ ਵਿਖੇ ਫੈਕਟਰੀਆਂ ਵਿੱਚੋਂ ਰਸਾਇਣ ਯੁਕਤ 27600 ਲੀਟਰ ਨਜਾਇਜ਼ ਸਪ੍ਰਿਟ ਬਰਾਮਦ ਕੀਤੀ ਹੈ। ਮਾਮਲੇ ਵਿੱਚ ਫੈਕਟਰੀਆਂ ਦੇ ਮਾਲਕਾਂ ਸਮੇਤ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਨਜਾਇਜ਼ ਦੀ ਫਾਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।
ਵੱਡੀ ਕਾਰਵਾਈ: ਡੇਰਾਬੱਸੀ ਵਿਖੇ ਤਿੰਨ ਫੈਕਟਰੀਆਂ 'ਚੋਂ 27600 ਲੀਟਰ ਕੈਮੀਕਲ ਬਰਾਮਦ ਆਬਕਾਰੀ ਤੇ ਕਰ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਸ ਦੀ ਮੋਹਾਲੀ ਤੋਂ ਇੱਕ ਵਿਸ਼ੇਸ਼ ਟੀਮ ਜਿਸ ਵਿੱਚ ਡੀ.ਐਸ.ਪੀ. ਬਿਕਰਮ ਬਰਾੜ ਵੀ ਸ਼ਾਮਲ ਸਨ, ਨੇ ਤਿੰਨ ਥਾਵਾਂ ਤੋਂ 27600 ਲੀਟਰ ਰਸਾਇਣ ਯੁਕਤ ਨਜਾਇਜ਼ ਸਪ੍ਰਿਟ ਦੀ ਵੱਡੀ ਖੇਪ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਨੂੰ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 138 ਡਰੱਮਾਂ ਵਿੱਚ ਸਟੋਰ ਕਰ ਕੇ ਰੱਖਿਆ ਗਿਆ ਸੀ। ਇਹ ਖੇਪ ਮੋਹਾਲੀ ਜ਼ਿਲੇ ਦੀ ਤਹਿਸੀਲ ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਤੋਂ ਫੜੀ ਗਈ ਹੈ। ਵਿਭਾਗ ਵੱਲੋਂ ਮੈਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ ਜੋ ਕਿ ਈ-68/69, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਸਥਿਤ ਹੈ, ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 82 ਡਰੱਮ ਬਰਾਮਦ ਕੀਤੇ ਗਏ। ਇਸ ਮਗਰੋਂ ਡੀ-11, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਮੈਸਰਜ਼ ਓਮ ਸੋਲਵੀ ਟਰੇਡਿੰਗ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 49 ਡਰੱਮ ਅਤੇ ਮੈਸਰਜ਼ ਪਿਉਰ ਸੋਲਿਊਸ਼ਨਜ਼ ਦੇ ਐਫ-28, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਸਥਿਤ ਗੁਦਾਮ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 7 ਡਰੱਮ ਬਰਾਮਦ ਕੀਤੇ ਗਏ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਉਪਰੋਕਤ ਫਰਮਾਂ ਦੇ ਮਾਲਕ ਵੀ ਸ਼ਾਮਲ ਹਨ। ਇਨ੍ਹਾਂ ਫਰਮਾਂ ਦੇ ਤਾਰ ਵਿਭਾਗ ਵੱਲੋਂ 23 ਜੁਲਾਈ, ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ, ਨੂੰ ਕੀਤੀ ਗਈ ਛਾਪੇਮਾਰੀ ਨਾਲ ਜੁੜਦੇ ਹਨ ਜਦੋਂ ਕਿ 5300 ਲੀਟਰ ਰਸਾਇਣ ਅਤੇ ਸਪ੍ਰਿਟ ਦੀ ਖੇਪ ਮੈਸਰਜ਼ ਬਿੰਨੀ ਕੈਮੀਕਲਜ਼ ਦੇ ਗੁਦਾਮ ਤੋਂ ਬਰਾਮਦ ਕੀਤੀ ਗਈ ਸੀ। ਇਹ ਫਰਮਾਂ ਮੈਸਰਜ਼ ਬਿੰਨੀ ਕੈਮੀਕਲਜ਼ ਨੂੰ ਸਮਾਨ ਦੀ ਸਪਲਾਈ ਕਰਦੀਆਂ ਸਨ ਜਿਸ ਨੂੰ ਬਿੰਨੀ ਕੈਮੀਕਲਜ਼ ਵੱਲੋਂ ਅੱਗੇ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ। ਪੁੱਛਗਿੱਛ ਵਿੱਚ ਦੋਸ਼ੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਲ ਦਾ ਨਿਪਟਾਰਾ ਕਰਦੀਆਂ ਸਨ। ਪਰ ਦੋਸ਼ੀਆਂ ਵੱਲੋਂ ਉਨਾਂ ਦੁਆਰਾ ਬਣਾਏ ਜਾ ਰਹੇ ਉਤਪਾਦ ਅਤੇ ਆਪਣੇ ਗ੍ਰਾਹਕਾਂ ਬਾਰੇ ਕੁਝ ਨਹੀਂ ਦੱਸਿਆ ਗਿਆ।ਇਸ ਮਾਮਲੇ ਵਿੱਚ ਰਿਕਾਰਡ ਦੀ ਜਾਂਚ ਕਰਨ ਅਤੇ ਦੋਸ਼ੀਆਂ ਦੇ ਅਗਲੇਰੇ ਸਬੰਧਾਂ ਦੀ ਜਾਂਚ ਕਰਨ ਲਈ ਪੜਤਾਲ ਜੋਰ ਸ਼ੋਰ ਨਾਲ ਜਾਰੀ ਹੈ ਅਤੇ ਆਬਕਾਰੀ ਵਿਭਾਗ ਵੱਲੋਂ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਰਾਸਾਇਣ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀ ਵਿਭਾਗ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਪੂਰੀ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਕੋਈ ਨਰਮਾਈ ਨਾ ਵਰਤੀ ਜਾਵੇ।