ਮੋਹਾਲੀ: ਮੋਹਾਲੀ ਵਿਧਾਨ ਸਭਾ ਤੋਂ ਲਗਾਤਾਰ 3 ਵਾਰ ਜੇਤੂ ਰਹਿਣ ਵਾਲੇ ਵਿਧਾਇਕ ਬਲਬੀਰ ਸਿੰਘ ਸਿੱਧੂ (Balbir Singh Sidhu) ਦੀ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਕ ਪਾਸੇ ਜਿੱਥੇ ਬਲਬੀਰ ਸਿੰਘ ਸਿੱਧੂ ਚੌਥੀ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦਾ ਚੋਣਾਵੀਂ ਮੁੱਖ ਮੁੱਦਾ ਹੈ 'ਵਿਕਾਸ ਕੀਤਾ ਹੈ ਵਿਕਾਸ ਹੋਰ ਕਰਾਂਗੇ' ਉਸ ਵਿਕਾਸ ਦੀ ਪੋਲ ਖੋਲ੍ਹਦੀਆਂ ਹਨ ਮੋਹਾਲੀ ਸ਼ਹਿਰ 'ਚ ਪਰਵਾਸੀ ਕਲੋਨੀਆਂ।
ਇਸ ਦੌਰਾਨ ਸ਼ਹੀਦ ਊਧਮ ਸਿੰਘ ਕਲੋਨੀ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਨਾ ਤਾਂ ਕਾਂਗਰਸ, ਨਾ ਝਾੜੂ ਉਹ ਕਿਸੇ ਹੋਰ ਨੂੰ ਆਪਣਾ ਵੋਟ ਦੇਣਗੇ, ਕਿਉਂਕਿ ਵਿਕਾਸ ਦੇ ਨਾਂ 'ਤੇ ਕਲੋਨੀ ਦਾ ਵਿਨਾਸ਼ ਹੀ ਕੀਤਾ ਹੈ।
ਮੋਹਾਲੀ ਦੇ ਪਰਵਾਸੀ ਕਲੋਨੀਆਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਾਡੇ ਲਈ ਕੋਈ ਕੰਮ ਨਹੀਂ ਕੀਤਾ, ਸਾਨੂੰ ਕਿਸੇ ਵੀ ਪਾਰਟੀ ਵੱਲੋਂ ਕੋਈ ਸੁੱਖ ਸੁਵਿਧਾ ਨਹੀਂ ਮਿਲੀ, ਨਾ ਹੀ ਕੋਈ ਪਾਣੀ ਦਾ ਪ੍ਰਬੰਧ, ਨਾ ਹੀ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਦੇ ਲੋਕਾਂ ਨੂੰ ਵੋਟਾਂ ਵੇਲੇ ਹੀ ਸਾਡੀ ਯਾਦ ਆਉਂਦੀ ਹੈ, ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਸਾਡਾ ਕੋਈ ਖਿਆਲ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 50-50 ਰੁਪਏ ਦੇ ਸੂਟ ਵੰਡ ਕੇ ਲੋਕਾਂ ਨੂੰ ਦਿਖਾਇਆ ਕਿ ਅਸੀਂ ਕਲੋਨੀਆਂ ਵਿੱਚ ਵੱਡੇ ਕੰਬਲ ਵੰਡੇ ਹਨ। ਉਨ੍ਹਾਂ ਨੇ ਭਾਰੀ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਮੋਦੀ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਣਾ ਕਿਉਂਕਿ ਮੋਦੀ ਬਹੁਤ ਕੁੱਝ ਕਰ ਸਕਦਾ ਹੈ।
ਪਰਵਾਸੀਆਂ ਦਾ ਕਹਿਣਾ ਹੈ ਕਿ ਮੋਦੀ ਨੇ ਯੂਪੀ ਵਿੱਚ ਬਹੁਤ ਕੁਝ ਕੀਤਾ ਹੈ ਅਤੇ ਇੱਥੇ ਵੀ ਬਹੁਤ ਕੁਝ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਪੰਜਾਬ ਵਿੱਚ ਆਵੇ ਚਾਹੇ ਨਾ, ਪਰ ਸਾਡੀ ਵੋਟ ਮੋਦੀ ਨੂੰ ਹੀ ਜਾਵੇਗੀ।
ਇਹ ਵੀ ਪੜ੍ਹੋ: ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਭਰੀ ਨਾਮਜ਼ਦਗੀ