ਚੰਡੀਗੜ੍ਹ: ਸਰਕਾਰੀ/ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਮੁੱਲਾਂਪੁਰ ਦੀ 2828 ਏਕੜ ਪੰਚਾਇਤੀ ਜ਼ਮੀਨ ਜਿਸਦੀ ਕੀਮਤ 300 ਕਰੋੜ ਰੁਪਏ ਬਣਦੀ ਹੈ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਜ਼ਮੀਨ ਵਿੱਚ 50 ਕਰੋੜ ਰੁਪਏ ਦੇ ਖੈਰ ਦੇ ਕੀਮਤੀ ਦਰੱਖਤ ਵੀ ਲਗਾਏ ਗਏ ਸਨ।
ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਮੌਕੇ ’ਤੇ ਖੁਦ ਪਹੁੰਚ ਕੇ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੀ ਮੌਜੂਦ ਰਹੇ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਜੋ ਇਹ ਕਬਜ਼ੇ ਛੁਡਵਾਏ ਗਏ ਹਨ ਇਹ ਕਿਸੇ ਆਮ ਲੋਕਾਂ ਤੋਂ ਨਹੀਂ ਛੁਡਵਾਏ ਗਏ ਇਹ ਰਸੂਖਦਾਰਾਂ ਤੋਂ ਛੁਡਵਾਏ ਗਏ ਹਨ ਜਿੰਨ੍ਹਾਂ ਨੇ ਪੰਚਾਇਤੀ ਜਾਂ ਫਿਰ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਇਸ ਦੌਰਾਨ ਮਾਨ ਨੇ ਦੱਸਿਆ ਕਿ 250 ਏਕੜ ਮੈਦਾਨੀ ਜ਼ਮੀਨ ਹੈ ਅਤੇ ਇਸ ਤੋਂ ਇਲਾਵਾ 2500 ਏਕੜ ਪਹਾੜੀ ਹੈ।
ਪੰਜਾਬ ਦੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਜ਼ਮੀਨ 'ਤੇ 16 ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿੱਚੋਂ ਸੰਗਰੂਰ ਤੋਂ ਸਾਂਸਦ ਮੈਂਬਰ ਸਿਮਰਨਜੀਤ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ 125 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।
ਇਸ ਤੋਂ ਇਲਾਵਾ ਮਾਨ ਦੀ ਨੂੰਹ ਅਤੇ ਜਵਾਈ ਕੋਲੋਂ 28 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ। ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੇਟੇ ਤੋਂ ਵੀ ਸਰਕਾਰ ਵੱਲੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ 9,053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਗਏ ਹਨ।
ਇਹ ਵੀ ਪੜ੍ਹੋ: ਡਰੱਗਜ਼ ਮਾਮਲਾ: ਹਾਈਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਫੈਸਲੇ ਨੂੰ ਰੱਖਿਆ ਰਾਖਵਾਂ