ਚੰਡੀਗੜ੍ਹ: ਮੋਹਾਲੀ ਜ਼ਿਲ੍ਹੇ ਦੇ ਵੱਖ ਵੱਖ ਬਿਮਾਰੀਆਂ ਦੇ ਇਲਾਜ਼ ਅਤੇ ਕੁਦਰਤੀ ਢੰਗ ਨਾਲ ਸਿਹਤਮੰਦ ਜੀਵਨ ਜਿਊਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਪਿੰਡ ਦਿਆਲਪੁਰਾ ਵਿੱਚ ਪੰਜਾਬ ਰਾਜ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ।
ਦਿਆਲਪੁਰਾ ਵਿੱਖੇ ਨੀਂਹ ਪੱਥਰ ਸਮਾਗਮ ਦੌਰਾਨ ਬੋਲਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਆਯੂਸ਼ ਹਸਪਤਾਲ 9 ਏਕੜ ਜ਼ਮੀਨ 'ਤੇ ਬਣਾਇਆ ਜਾਵੇਗਾ ਜੋ ਕਿ ਇਸੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ ਦਾਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 50 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਆਯੂਰਵੇਦ, ਯੋਗਾ, ਯੂਨਾਨੀ, ਸਿਧ ਅਤੇ ਹੋਮਿਓਪੈਥੀ ਮੈਡੀਕਲ ਪ੍ਰਣਾਲੀਆਂ ਅਧੀਨ ਚੈੱਕ ਅੱਪ ਅਤੇ ਇਲਾਜ ਸੇਵਾਵਾਂ ਮੁਹੱਈਆ ਕਰਵਾਏਗਾ ਜਿਸਦੀ ਉਸਾਰੀ 1 ਸਾਲ ਦੇ ਅੰਦਰ ਮੁਕੰਮਲ ਕਰ ਲਈ ਜਾਵੇਗੀ।
![ਫ਼ੋਟੋ](https://etvbharatimages.akamaized.net/etvbharat/prod-images/07-pb-chd-pb10010-ayushhospital_14112019204129_1411f_1573744289_608.jpg)
ਇਸ ਪ੍ਰੋਜੈਕਟ ਦਾ ਅਨੁਮਾਨਤ ਬਜਟ 7 ਕਰੋੜ ਰੁਪਏ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਲੋਕਾਂ ਲਈ ਇਹ ਇੱਕ ਬੇਸ਼ਕੀਮਤੀ ਤੋਹਫ਼ਾ ਹੈ। ਸ. ਸਿੱਧੂ ਨੇ ਕਿਹਾ ਕਿ ਇਹ ਹਸਪਤਾਲ ਬਣਨ ਤੋਂ ਬਾਅਦ ਲੋਕਾਂ ਨੂੰ ਪ੍ਰਾਕਿਰਤਿਕ ਚਿਕਿਤਸਾ ਲਈ ਦੱਖਣੀ ਰਾਜਾਂ ਵੱਲ ਨਹੀਂ ਜਾਣਾ ਪਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੂਬੇ ਦੇ ਸਿਹਤ ਖੇਤਰ ਨੂੰ ਤਰਜ਼ੀਹ ਦੇ ਰਹੀ ਹੈ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੀ ਸੰਪੂਰਨ ਕਾਇਆ ਕਲਪ ਦੀ ਪ੍ਰਕਿਰਿਆ ਜਾਰੀ ਹੈ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਸਰਲ ਢੰਗ ਨਾਲ ਅਤੇ ਮੁਫ਼ਤ ਮੁਹੱਈਆ ਕਰਵਾਈਆਂ ਜਾ ਸਕਣ।
![ਫ਼ੋਟੋ](https://etvbharatimages.akamaized.net/etvbharat/prod-images/07-pb-chd-pb10010-ayushhospital_14112019204129_1411f_1573744289_239.jpg)
ਇਸ ਖੇਤਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਰਹੀ ਮੰਗ ਨੂੰ ਪ੍ਰਵਾਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਜ਼ੀਰਕਪੁਰ ਨੇੜੇ ਢਕੋਲੀ ਦੇ ਕਮਿਉਨਟੀ ਹੈਲਥ ਸੈਂਟਰ ਨੂੰ ਜਲਦ ਹੀ 50 ਬਿਸਤਰਿਆਂ ਦੀ ਸਮਰੱਥਾ ਵਾਲੇ ਸਬ-ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਐਮਰਜੈਂਸੀ ਸੇਵਾਵਾਂ ਦੇ ਨਾਲ ਨਾਲ ਸਪੈਸ਼ਲਿਸਟ ਡਾਕਟਰਾਂ ਦੀ ਸੇਵਾਵਾਂ ਦੀ 24 ਘੰਟੇ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਹਸਪਤਾਲ ਦੇ ਨਿਰਮਾਣ ਲਈ ਜ਼ਮੀਨ ਦਾਨ ਦੇਣ ਵਾਲੇ ਪਿੰਡ ਦੇ ਸੋਢੀ ਪਰਿਵਾਰ ਦਾ ਧੰਨਵਾਦ ਕੀਤਾ। ਪ੍ਰਕਿਰਤਿਕ ਚਿਕਿਤਸਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ ਕਿ ਲੋਕ ਹੁਣ ਕੁਦਰਤੀ ਢੰਗ ਨਾਲ ਇਲਾਜ ਕਰਵਾਉਣ ਦੇ ਢੰਗ ਪ੍ਰਤੀ ਵਿਸ਼ੇਸ਼ ਰੁਚੀ ਵਿਖਾ ਰਹੇ ਹਨ ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਆਯੂਸ਼ ਹਸਪਤਾਲ ਨੇੜਲੇ ਇਲਾਕਿਆਂ ਦੇ ਵਸਨੀਕਾਂ ਲਈ ਵਰਦਾਨ ਸਾਬਤ ਹੋਵੇਗਾ।