ਮੋਹਾਲੀ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਕ ਵਾਰ ਮਾਨ ਸਰਕਾਰ ਉੱਤੇ ਤਿੱਖੇ ਨਿਸ਼ਾਨੇਂ ਲਾਏ ਹਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਉੱਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਲੋਕਾਂ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ, ਤੇ ਇਸੇ ਨੂੰ ਆਪ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ।
ਮਜੀਠੀਆ ਨੇ ਕੀਤੀ ਪ੍ਰੈੱਸ ਕਾਨਫਰੰਸ: ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਨਾਂ ਬਦਲਣ ਨਾਲ ਕੁੱਝ ਨਹੀਂ ਹੁੰਦਾ ਅਤੇ ਨਾ ਹੀ ਕੰਮ ਚੱਲਦਾ ਹੈ, ਪਰ ਹੁਣ ਕੇਜਰੀਵਾਲ ਆਪ ਉਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ ਵਿੱਚ ਪਾ ਕੇ ਦਿੱਤਾ ਜਾ ਰਿਹਾ ਹੈ। ਮਜੀਠੀਆ ਦਾ ਇਹ ਇਸ਼ਾਰਾ ਆਮ ਆਦਮੀ ਕਲੀਨਕਾਂ ਦੀਆਂ ਬਿਲਡਿੰਗਾਂ ਵੱਲ ਸੀ। ਉਨ੍ਹਾਂ ਕਿਹਾ ਕਿ ਇਹ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ।
ਸਿਰਫ਼ ਬਦਲੇ ਜਾ ਰਹੇ ਹਨ ਨਾਂ: ਮਜੀਠੀਆ ਨੇ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਨਾਂ ਬਦਲ ਕੇ ਮੁਹੱਲਾ ਕਲੀਨਕ ਬਣਾਏ ਜਾ ਰਹੇ ਹਨ। ਇਹ ਸਾਰੇ ਘਪਲਿਆਂ ਦੀ ਮਾਂ ਘਪਲਾ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ IAS ਜੌਇ ਸ਼ਰਮਾ ਨੂੰ ਬਦਲ ਦਿੱਤਾ ਗਿਆ ਹੈ। ਕਿਉਂਕਿ ਉਹ ਇਸ ਘਪਲੇ ਦਾ ਹਿੱਸਾ ਨਹੀਂ ਬਣ ਰਹੇ। ਮਜੀਠੀਆ ਨੇ ਕਿਹਾ ਕਿ ਸਿੱਖ ਕੌਮ ਲਈ ਨਮੋਸ਼ੀ ਹੈ ਕਿ ਪੰਜ ਪਿਆਰਿਆਂ ਦਾ ਨਾਂ ਹੀ ਮਿਟਾ ਦਿੱਤਾ ਗਿਆ ਹੈ। ਸਿੱਖ ਯੋਧਿਆਂ ਦੇ ਫੋਟੋ ਛੋਟੇ ਕਰਕੇ ਸੀਐੱਮ ਦੀ ਵੱਡੀ ਫੋਟੋ ਲਾਈ ਜਾ ਰਹੀ ਹੈ।
ਮੁਹੱਲਾ ਕਲੀਨਕਾਂ ਵਿੱਚ ਦਵਾਈਆਂ ਦੀ ਘਾਟ: ਮਜੀਠੀਆ ਨੇ ਕਿਹਾ ਕਿ ਜੋ ਪਹਿਲਾਂ 100 ਕਲੀਨਿਕ ਖੋਲ੍ਹੇ ਹਏ ਸਨ, ਉੱਥੇ ਡਾਕਟਰਾਂ ਦੀ ਘਾਟ ਹੈ। ਦਵਾਈਆਂ ਵੀ ਪੂਰੀਆਂ ਨਹੀਂ। ਉਨ੍ਹਾਂ ਕਿਹਾ ਕਿ 10 ਕਰੋੜ ਦੇ ਕੰਮ ਲਈ ਸਰਕਾਰ ਨੇ 30 ਕਰੋੜ ਰੁਪਏ ਖਰਚ ਕੀਤੇ ਹਨ। ਸਾਰੇ ਹੈਲਥ ਸੈਂਟਰਾਂ ਲਈ 15 ਤੋਂ 20 ਲੱਖ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖਮੰਤਰੀ ਜਾਂ ਉਨ੍ਹਾਂ ਦੀ ਪਤਨੀ ਬਿਮਾਰ ਹੁੰਦੇ ਨੇ ਤਾਂ ਕੀ ਉਹ ਇਨ੍ਹਾਂ ਮੁਹੱਲਾ ਕਲੀਨਕਾਂ ਵਿੱਚ ਜਾਣਗੇ। ਮਜੀਠੀਆ ਨੇ ਕਿਹਾ ਕਿ ਕੈਂਸਰ ਅਤੇ ਹੈਪੇਟਾਇਟਸ ਬੀ ਲਈ ਮਿਲਣ ਵਾਲੇ ਪੈਸੇ ਵੀ ਬੰਦ ਕਰ ਦਿੱਤੇ ਗਏ ਹਨ।