ਮੋਹਾਲੀ: ਭਾਰਤ ਦੀਆਂ ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ਨੀਵਾਰ ਭਾਰਤ -ਪਾਕਿਸਤਾਨ ਵੱਲੋਂ ਖੋਲ੍ਹਿਆ ਗਿਆ। ਇਸਦੇ ਸਬੰਧ ‘ਚ ਸ਼ਨੀਵਾਰ ਦੋਵੇਂ ਪਾਸੇ ਵੱਡੇ ਸਮਾਗਮ ਵੀ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ‘ਚ ਸ਼ਾਮਲ ਹੋਣ ਲਈ ਦੁਨੀਆਂ ਦੇ ਹਰ ਕੋਨੇ ‘ਚ ਵਸਦੇ ਪੰਜਾਬੀਆਂ ਦੀ ਤਾਂਘ ਹੈ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਇਨ੍ਹਾਂ ਸਮਾਗਮਾਂ ‘ਚ ਸ਼ਾਮਲ ਹੋਣ ਲਈ ਵਿਦੇਸ਼ਾਂ ਤੋਂ ਪੰਜਾਬ ਪੁੱਜ ਚੁੱਕੇ ਹਨ।
ਇਸੇ ਤਰਾਂ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰੂ ਸਾਹਿਬ ਦੇ ਧਰਮ ਨਿਰਪੱਖ ਏਕਤਾ ਦੇ ਸੁਨੇਹੇ ਉੱਤੇ ਜ਼ੋਰ ਦੇਣ ਦੇ ਲਈ ਇੰਟਰਨੇਸ਼ਨਲ ਪਬਲਿਕ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭੋਗ ਪਾਏ ਗਏ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਵੱਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ। ਸਵੇਰੇ 9:00 ਵਜੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਸਾਰੇ ਵਿਦਿਆਰਥੀਆਂ ਅਤੇ ਅਧਿਆਪਿਕਾ ਨੇ ਸੇਵਾ ਅਤੇ ਭਗਤੀ ਦੀ ਭਾਵਨਾ ਦੇ ਨਾਲ ਇੱਕ ਹੋ ਕੇ ਸੰਗਤ ਨੂੰ ਲੰਗਰ ਛਕਾਇਆ।
ਇਸ ਮੌਕੇ ਉੱਤੇ ਬੋਲਦੇ ਹੋਏ ਸਕੂਲ ਡਰੈਕਟਰ ਏ.ਕੇ.ਕੌਸ਼ਲ ਅਤੇ ਪ੍ਰਿੰਸੀਪਲ ਪੀ. ਸੰਗਰ ਨੇ ਵਿਦਿਆਰਥੀਆ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾ ਦਾ ਪਾਲਣ ਕਰਨ ਲਈ ਕਿਹਾ। ਪ੍ਰਿੰਸੀਪਲ ਸਾਹਿਬਾ ਨੇ ਬੱਚਿਆਂ ਨੂੰ ਹਮੇਸ਼ਾ ਗੁਰੂ ਅਤੇ ਬਾਣੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ।