ਮੋਹਾਲੀ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਲੌਕਡਾਊਨ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਦੂਰ ਫਸੇ ਹੋਏ ਹਨ। ਇਸ ਦੇ ਨਾਲ ਹੀ ਕਈ ਭਾਰਤੀ ਲੋਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਲੌਕਡਾਊਨ ਕਰਕੇ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਅਤੇ ਰੋਟੀ ਤੋਂ ਵੀ ਮੁਹਤਾਜ ਹਨ। ਇਸੇ ਤਰ੍ਹਾਂ ਕੁਵੈਤ ਵਿੱਚ ਕਈ ਭਾਰਤੀ ਲੋਕ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ 177 ਭਾਰਤੀਆਂ ਦਾ ਜੱਥਾ ਵਾਪਸ ਵਤਨ ਪਰਤਿਆ ਹੈ।
ਵਾਪਿਸ ਪਰਤਨ ਵਾਲੇ ਭਾਰਤੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਕੁਵੈਤ ਵਿੱਚ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਵਿਹਲੇ ਬੈਠੇ ਸਨ ਅਤੇ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਸਨ। ਕੁਵੈਤ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਕੁਵੈਤ ਵਿੱਚ ਸਟੀਲ ਫੈਕਟਰੀ ਦੇ ਮਾਲਕ ਸੁਰਜੀਤ ਕੁਮਾਰ ਦੇ ਉਪਰਾਲੇ ਸਦਕਾ ਇਹ ਭਾਰਤੀ ਵਤਨ ਮੁੜ ਸਕੇ ਹਨ।
ਇਹ ਵੀ ਪੜ੍ਹੋ: ਟਿੱਡੀ ਦਲ ਨੇ ਬਰਨਾਲਾ 'ਚ ਦਿੱਤੀ ਦਸਤਕ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਅਲਰਟ
ਇਸ ਮੌਕੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਵਾਈ ਅੱਡੇ 'ਤੇ ਪਹੁੰਚੇ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਦਾਇਤਾਂ ਮਿਲੀਆਂ ਹਨ ਕਿ ਇਨ੍ਹਾਂ ਯਾਤਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਜਾਵੇਗਾ ਅਤੇ ਕੋਰੋਨਾ ਟੈਸਟ ਕੀਤਾ ਜਾਵੇਗਾ।