ਰੂਪਨਗਰ: ਜ਼ਿਲ੍ਹਾ ਪੁਲਿਸ ਅਤੇ ਹਿਮਾਚਲ ਪੁਲਿਸ ਦੀਆਂ ਟੀਮਾਂ ਨੇ ਸੰਯੁਕਤ ਰੂਪ ਵਿੱਚ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਵਿਧਾਨ ਸਭਾ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ‘ਤੇ ਖਾਲਿਸਤਾਨੀ ਝੰਡੇ ਲਗਾਉਣ ਵਾਲੇ ਸ਼ਰਾਰਤੀ ਅਨਸਰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਚ ਹਥਿਆਰਾਂ ਦੇ ਨਾਲ ਕਾਬੂ ਕੀਤਾ ਹੈ। ਇਸ ਸਬੰਧੀ ਰੂਪਨਗਰ ਦੇ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੱਤੀ। ਨ
ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 12 ਤੇ 13 ਅਪ੍ਰੈਲ 2022 ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਾਹਰਲੀ ਚਾਰ-ਦਿਵਾਰੀ ਦੀ ਗਰਿੱਲ ਉੱਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਦਾ ਪੋਸਟਰ ਲਗਾਇਆ ਗਿਆ ਸੀ, ਜਿਸ ਸਬੰਧੀ ਉਨ੍ਹਾਂ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈਏ ਰੂਪਨਗਰ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਸਬੰਧੀ ਤਕਨੀਕੀ ਤੌਰ ਉੱਤੇ ਟੈਕਨੀਕਲ ਸਰਵਿਲੈਂਸ ਰਾਹੀ ਵੱਖ-ਵੱਖ ਪਹਿਲੂਆਂ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਸੀ। ਇਸੇ ਦੌਰਾਨ 7 ਮਈ 2022 ਨੂੰ ਵਿਧਾਨ ਸਭਾ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਬਾਹਰ ਵੀ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਸਨ, ਜਿਸ ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਸਾਂਝਾ ਆਪਰੇਸ਼ਨ: ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਕੱਦਮਿਆਂ ਦੀ ਤਫਤੀਸ਼ ਸਾਂਝੇ ਤੌਰ ‘ਤੇ ਕਰਦਿਆਂ ਬੀਤੇ ਦਿਨ 11 ਅਪ੍ਰੈਲ 2022 ਨੂੰ ਹਿਮਾਚਲ ਪ੍ਰਦੇਸ਼ ਦੀ ਪੁਲਿਸ ਪਾਰਟੀ ਅਤੇ ਰੋਪੜ ਦੀ ਪੁਲਿਸ ਦੀ ਸਾਂਝੀ ਪਾਰਟੀ ਨੇ ਦੋਸ਼ੀ ਹਰਬੀਰ ਸਿੰਘ ਉਰਫ ਰਾਜੂ ਕਾਬੂ ਕੀਤਾ। ਜਿਸ ਨੇ ਪੁੱਛਗਿੱਛ ਦੌਰਾਨ ਇਕਬਾਲ ਕੀਤਾ ਕਿ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਉਸ ਨੇ ਅਤੇ ਪਰਮਜੀਤ ਸਿੰਘ ਉਰਫ ਪੰਮਾ ਸ੍ਰੀ ਚਮਕੌਰ ਸਾਹਿਬ ਨੇ ਆਪਣੀ ਸਕੂਟਰੀ ’ਤੇ ਜਾ ਕੇ ਇਹ ਪੋਸਟਰ ਲਗਾਏ ਸੀ।
ਮੁਲਜ਼ਮਾਂ ਨੂੰ ਕੀਤਾ ਕਾਬੂ: ਐਸਐਸਪੀ ਨੇ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਉਕਤ ਦੋਸ਼ੀਆਂ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਤੋਂ ਅਤੇ ਮੋਬਾਇਲ ਟਾਵਰ ਦੇ ਡੰਪ ਡਾਟਾ ਰਿਕਾਰਡ ਦੀ ਜਾਂਚ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਦੋਸ਼ੀਆਂ ਦੇ ਮੋਬਾਇਲਜ਼ ਦੀ ਲੋਕੇਸ਼ਨ, ਵਾਰਦਾਤ ਵਾਲੀ ਰਾਤ, ਵਕਤ ਕਰੀਬ 12:20 ਉੱਤੇ ਰਾਤ ਨੂੰ ਵਾਰਦਾਤ ਵਾਲੀ ਜਗ੍ਹਾ ਦੇ ਮੋਬਾਇਲ ਟਾਵਰ ‘ਤੇ ਪਾਈ ਗਈ ਅਤੇ ਪੁੱਛਗਿੱਛ ਦੌਰਾਨ ਦੋਸ਼ੀ ਹਰਬੀਰ ਸਿੰਘ ਉਰਫ ਰਾਜੂ ਨੇ ਇਹ ਵੀ ਮੰਨਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਪੜ ਵਿਖੇ ਬਾਹਰਲੀ ਚਾਰ-ਦਿਵਾਰੀ ਉੱਤੇ ਇਸ ਨੇ ਅਤੇ ਪਰਮਜੀਤ ਸਿੰਘ ਉਰਫ ਪੰਮਾ ਨੇ ਹੀ ਖਾਲਿਸਤਾਨ ਦੇ ਪੋਸਟਰ ਲਗਾਏ ਸਨ।
ਇੱਕ ਹੋਰ ਦੋਸ਼ੀ ਦੀ ਕੀਤੀ ਜਾ ਰਹੀ ਭਾਲ: ਉਨ੍ਹਾਂ ਦੱਸਿਆ ਕਿ ਦੂਜੇ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਦੀ ਜੰਗੀ ਪੱਧਰ ਉੱਤੇ ਤਲਾਸ਼ ਜਾਰੀ ਹੈ। ਜਿਸ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਲਗਾਈਆ ਗਈਆਂ ਹਨ। ਜੋ ਕਿ ਦੋਸ਼ੀ ਹਰਬੀਰ ਸਿੰਘ ਉਰਫ ਰਾਜੂ ਨੂੰ ਥਾਣਾ ਸਿਟੀ ਰੂਪਨਗਰ ਦੇ ਮੁਕੱਦਮਾ ਵਿੱਚ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਇਹ ਵਾਰਦਾਤ ਕਰਨ ਲਈ ਉਨ੍ਹਾਂ ਨੂੰ ਕਿਸ ਨੇ ਭੇਜਿਆ ਸੀ। ਇਸ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ।
ਇਹ ਵੀ ਪੜੋ: ਮੁਹਾਲੀ ਬਲਾਸਟ ਮਾਮਲੇ ’ਚ ਕੁੱਲ 6 ਲੋਕਾਂ ਦੀ ਗ੍ਰਿਫਤਾਰੀ- ਡੀਜੀਪੀ ਭਵਰਾ