ਚੰਡੀਗੜ੍ਹ: 2014 ਵਿੱਚ ਰਿਲੀਜ਼ ਹੋਈ ਲਘੂ ਫਿਲਮ 'ਸੁੱਤਾ ਨਾਗ' ਨਾਲ ਪੰਜਾਬੀ ਫਿਲਮਾਂ ਦੀ ਦੁਨੀਆਂ ਵਿੱਚ ਸ਼ਾਨਦਾਰ ਐਂਟਰੀ ਕਰਨ ਵਾਲੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਇਸ ਸਮੇਂ ਆਪਣੀ ਨਵੀਂ ਫਿਲਮ 'ਗਲੀ ਨੰਬਰ ਕੋਈ ਨਹੀਂ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਹਾਲ ਹੀ ਵਿੱਚ ਨਿਰਦੇਸ਼ਕ ਨੇ ਇਸ ਫਿਲਮ ਨਾਲ ਸੰਬੰਧਿਤ ਇੱਕ ਅਜਿਹਾ ਅਪਡੇਟ ਸਾਂਝਾ ਕੀਤਾ ਹੈ, ਜੋ ਕਿ ਅਦਾਕਾਰੀ ਦੀ ਦੁਨੀਆਂ ਵਿੱਚ ਆਮਦ ਕਰਨ ਦੇ ਚਾਹਵਾਨਾਂ ਲਈ ਇੱਕ ਮੌਕਾ ਹੈ।
ਜੀ ਹਾਂ...ਦਰਅਸਲ, ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, 'ਆਓ ਸਾਰੇ ਅਦਾਕਾਰ ਆਡੀਸ਼ਨ ਦਿਓ...ਖੁੱਲਾ ਸੱਦਾ...ਆਪਣੀ ਫਿਲਮ 'ਗਲੀ ਨੰਬਰ ਕੋਈ ਨਹੀਂ' ਲਈ ਇਸ ਵਾਰ ਆਡੀਸ਼ਨ ਆਨਲਾਇਨ ਲਏ ਜਾਣਗੇ। ਤੁਸੀਂ ਆਪਣੇ ਫੋਨ ਨਾਲ ਆਪਣੇ ਕਿਸੇ ਵੀ ਦੋ ਤਿੰਨ ਸਤਰਾਂ ਦੇ ਡਾਇਲਾਗ ਦਾ ਵੀਡੀਓ ਬਣਾ ਕੇ ਹੇਠ ਲਿਖੇ ਈ-ਮੇਲ ਐਡਰੈਸ 'ਤੇ ਭੇਜ ਸਕਦੇ ਹੋ।'
ਨਵੇਂ ਅਦਾਕਾਰ ਵੀ ਕਰ ਸਕਦੇ ਨੇ ਟ੍ਰਾਈ
ਨਿਰਦੇਸ਼ਕ ਨੇ ਅੱਗੇ ਲਿਖਿਆ, 'ਨਵੇਂ, ਪੁਰਾਣੇ, ਬਿਲਕੁਲ ਫਰੈਸ਼, ਅਦਾਕਾਰ ਆਡੀਸ਼ਨ ਭੇਜ ਸਕਦੇ ਹਨ, ਅਦਾਕਾਰ ਪੰਜਾਬੀ ਜਾਣਦੇ ਹੋਣ ਅਤੇ ਸ਼ੂਟਿੰਗ ਸਮੇਂ ਪੰਜਾਬ ਆ ਸਕਦੇ ਹੋਣ। 1. ਤੀਹ ਪੈਤੀਂ ਸਾਲ ਦੀ ਔਰਤ ਅਦਾਕਾਰ 2. ਛੇ ਸੱਤ ਸਾਲ ਦੇ ਬੱਚੇ 3. ਚੌਦਾਂ ਪੰਦਰਾਂ ਸਾਲ ਦੇ ਮੁੰਡੇ 4. ਤੀਹ ਸਾਲ ਤੋਂ ਪੰਜਾਹ ਸਾਲ ਤੱਕ ਦੇ ਮਰਦ ਅਦਾਕਾਰ।'
ਗਿੱਲ ਨੇ ਅੱਗੇ ਲਿਖਿਆ, 'ਹਰ ਕੋਈ ਆਡੀਸ਼ਨ 'ਚ ਹਿੱਸਾ ਲੈ ਸਕਦਾ ਹੈ। ਵੀਡੀਓ ਵੱਟਸਐਪ ਨਹੀਂ ਕਰਨਾ। ਵੀਡੀਓ ਫੋਨ ਨੂੰ ਫਿਲਮ ਸਕ੍ਰੀਨ ਮੋਡ ਉਤੇ ਕਰਕੇ ਬਣਾਉਣੇ ਹਨ। ਵੀਡੀਓ ਪੰਜ ਛੇ ਮਿੰਟ ਤੋਂ ਵੱਡਾ ਨਾ ਹੋਵੇ। ਇੱਕ ਅਦਾਕਾਰ ਇੱਕ ਹੀ ਵੀਡੀਓ ਭੇਜ ਸਕਦਾ ਹੈ। ਵੀਡੀਓ ਭੇਜਣ ਦੀ ਆਖਰੀ ਤਾਰੀਖ 13 ਦਸੰਬਰ ਹੈ 2024 ਹੈ, ਸਿਰਫ ਚੁਣੇ ਗਏ ਅਦਾਕਾਰਾਂ ਨੂੰ ਬੁਲਾਇਆ ਜਾਵੇਗਾ, ਹਰ ਅਦਾਕਾਰ ਨੂੰ ਸੂਚਿਤ ਕਰਨਾ ਸੰਭਵ ਨਹੀਂ ਹੈ, ਸੋ ਕੋਈ ਸਵਾਲ ਜਵਾਬ ਕ੍ਰਿਪਾ ਕਰਕੇ ਨਾ ਕੀਤਾ ਜਾਵੇ। ਆਡੀਸ਼ਨ ਦੀ ਕੋਈ ਫੀਸ ਨਹੀਂ ਹੈ। ਅੱਜ ਤੋਂ ਹੀ ਹੋ ਜਾਓ ਸ਼ੁਰੂ। ਵੀਡੀਓ ਭੇਜਣ ਲਈ ਈ-ਮੇਲ ਧਿਆਨ ਨਾਲ ਨੋਟ ਕਰੋ, amardeepfilms68@gmail.com।'
ਇਸ ਤੋਂ ਇਲਾਵਾ ਨਿਰਦੇਸ਼ਕ ਨੇ ਆਪਣੇ ਆਪ ਨੂੰ ਘੱਟ ਸਮਝਣ ਵਾਲਿਆਂ ਨੂੰ ਵਿਸ਼ੇਸ਼ ਸੂਚਨਾ ਦਿੰਦੇ ਹੋਏ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਗਲੀ ਨੰਬਰ ਕੋਈ ਨਹੀਂ' ਲਈ ਹਰ ਕੋਈ ਆਡੀਸ਼ਨ ਦੇ ਸਕਦਾ ਹੈ, ਕੋਈ ਸਰੀਰਕ ਤੌਰ ਉਤੇ ਅਪਾਹਿਜ਼, ਕੋਈ ਅੰਗਹੀਣ, ਕੋਈ ਅਸਧਾਰਣ, ਕੋਈ ਬੋਲਣ ਤੋਂ ਅਸੱਮਰਥ, ਕੋਈ ਲੱਤਾਂ ਖਰਾਬ ਵਾਲਾ ਜਾਂ ਕੋਈ ਅਪਾਹਿਜ਼ ਲੜਕੀ, ਕੋਈ ਦ੍ਰਿਸ਼ਟੀਹੀਣ, ਕੋਈ ਰੰਗ ਦਾ ਸਾਂਵਲਾ ਜਾਂ ਫੁਲਹਿਰੀ ਵਾਲਾ, ਕੋਈ ਸਰਦਾਰ, ਕੋਈ ਮੋਨਾ, ਕੋਈ ਵੀ ਆਡੀਸ਼ਨ ਦੇ ਸਕਦਾ ਹੈ।'
ਅਦਾਕਾਰ ਨੇ ਅੱਗੇ ਲਿਖਿਆ, 'ਮੇਰੀ ਬੇਨਤੀ ਹੈ ਸਵਾਲ ਨਾ ਪੁੱਛੋ ਕਿ ਮੈਂ ਆਡੀਸ਼ਨ ਦੇ ਸਕਦਾ ਜੀ? ਜੇ ਤੁਹਾਡੇ ਅੰਦਰ ਅਦਾਕਾਰੀ ਦਾ ਸ਼ੌਂਕ ਅਤੇ ਕਲਾ ਹੈ ਤਾਂ ਖੁੱਲ ਕੇ ਆਓ ਕੈਮਰੇ ਮੂਹਰੇ, ਅਸੀਂ ਅਧੂਰੇ ਜਾਂ ਅਪੰਗ ਜਾਂ ਅਜੀਬ ਸਮਝਣ ਵਾਲੇ ਸਮਾਜ ਨੂੰ ਮੂੰਹ ਤੋੜ ਜਵਾਬ ਦੇਣਾ ਹੈ। ਅਸੀਂ ਮੰਨਦੇ ਹਾਂ ਕਿ ਵਾਹਿਗੁਰੂ ਨੇ ਸਭ ਨੂੰ ਕਿਸੇ ਨਾ ਕਿਸੇ ਕੰਮ ਦੇ ਯੋਗ ਬਣਾਇਆ ਹੈ, ਹਰ ਬੰਦੇ ਅੰਦਰ ਚਾਅ ਅਤੇ ਰੀਝਾਂ ਹਨ, ਖਲੌੜੀਆਂ ਉਤੇ ਤੁਰਨ ਵਾਲਾ ਵੀ ਰੇਸ ਲਾਉਣ ਦੇ ਸੁਪਨੇ ਦੇਖ ਸਕਦਾ ਹੈ। ਸੋ ਬਿਨਾਂ ਕੋਈ ਸਵਾਲ ਕਰੇ ਆਪਣੇ ਸੁਪਨਿਆਂ ਨੂੰ ਖੰਭ ਦਿਓ। ਆਡੀਸ਼ਨ ਦੀ ਕੋਈ ਫੀਸ ਨਹੀਂ। ਆਡੀਸ਼ਨ ਬਣਾ ਕੇ ਸਿੱਧਾ ਮੇਲ ਕਰੋ, ਕਿਸੇ ਗੀਤ ਜਾਂ ਡਾਇਲਾਗ ਉਤੇ ਬਣੀ ਰੀਲ ਨੂੰ ਆਡੀਸ਼ਨ ਨਹੀਂ ਮੰਨਿਆ ਜਾਵੇਗਾ। ਫੋਨ ਦੇ ਕੈਮਰੇ ਨੂੰ ਫਿਲਮ ਸਕ੍ਰੀਨ ਮੋਡ ਉਤੇ ਰੱਖ ਕੇ ਆਪ ਡਾਇਲਾਗ ਬੋਲ ਕੇ ਵੀਡੀਓ ਬਣਾ ਕੇ ਭੇਜੋ।'
ਫਿਲਮ ਬਾਰੇ
ਇਸ ਦੌਰਾਨ ਜੇਕਰ ਨਿਰਦੇਸ਼ਕ ਦੀ ਨਵੀਂ ਆ ਰਹੀ ਫਿਲਮ 'ਗਲੀ ਨੰਬਰ ਕੋਈ ਨਹੀਂ' ਬਾਰੇ ਗੱਲ ਕਰੀਏ ਤਾਂ 'ਅਮਰ ਦੀਪ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਸਕ੍ਰੀਨ ਪਲੇ ਅਤੇ ਡਾਇਲਾਗ ਲੇਖਨ ਦੇ ਨਾਲ-ਨਾਲ ਨਿਰਦੇਸ਼ਨ ਜ਼ਿੰਮੇਵਾਰੀ ਵੀ ਅਮਰਦੀਪ ਸਿੰਘ ਗਿੱਲ ਖੁਦ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ: