ਰੂਪਨਗਰ: ਪੰਜਾਬ 'ਚ ਮੌਨਸੂਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਮੌਨਸੂਨ ਦੇ ਸੀਜ਼ਨ ਵਿੱਚ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਨਾਲ ਹੜ੍ਹਾਂ ਦੇ ਆਉਣ ਦਾ ਖ਼ਤਰਾ ਹੁੰਦਾ ਹੈ। ਇਸ ਨੂੰ ਲੈ ਕੇ ਰੂਪਨਗਰ ਦੇ ਜਲ ਸਰੋਤ ਵਿਭਾਗ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਇਸ ਉਪੰਰਤ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਜਲ ਸਰੋਤ ਵਿਭਾਗ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੌਨਸੂਨ ਦਾ ਸੀਜ਼ਨ 1 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਤੇ ਇਹ ਸੀਜ਼ਨ 21 ਸਤੰਬਰ ਤੱਕ ਚਲੇਗਾ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਭਾਖੜਾ ਡੈਮ ਵਿੱਚ ਸਵੇਰੇ 6 ਵਜੇ ਪਾਣੀ ਦਾ ਪੱਧਰ 1589.15 ਫੁੱਟ ਹੈ ਜੋ ਕਿ ਪਿਛਲੇ ਸਾਲ 1610.45 ਫੁੱਟ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 21 ਫੁੱਟ ਪਾਣੀ ਦਾ ਪੱਧਰ ਘੱਟ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਤੋਂ ਛੱਡਿਆ ਜਾਣ ਵਾਲਾ ਪਾਣੀ ਸਤਲੁਜ ਦਰਿਆ ਵਿੱਚ ਵੀ ਭੇਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਬਿਸਤ ਦੁਆਬ ਨਹਿਰ ਅਤੇ ਸਰਹੰਦ ਨਹਿਰ ਵਿੱਚ ਕ੍ਰਮਵਾਰ ਛੱਡਿਆ ਜਾ ਰਿਹਾ ਹੈ। ਬਿਸਤ ਦੁਆਬ ਵਿੱਚ 1450 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਸਰਹਿੰਦ ਨਹਿਰ ਦੇ ਵਿੱਚ 9850 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਸਤਲੁਜ ਦਰਿਆ ਦੇ ਵਿੱਚ 6915 ਕਿਊਸਿਕ ਪਾਣੀ ਹੈ।
ਜਲ ਸਰੋਤ ਵਿਭਾਗ ਦੇ ਐਸ.ਡੀ.ਓ ਨੇ ਜਨਤਾ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਹੜ੍ਹਾਂ ਨੂੰ ਲੈ ਕੇ ਫਿਲਹਾਲ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਤਲੁਜ ਦਰਿਆ ਅਤੇ ਉਸ ਦੀਆਂ ਦੋਵੇਂ ਨਹਿਰਾਂ ਦੇ ਵਿੱਚ ਪਾਣੀ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਹੜ੍ਹਾਂ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਪਰ ਫਿਲਹਾਲ ਰੂਪਨਗਰ ਦੇ ਵਿੱਚ ਸਤਲੁਜ ਦਰਿਆ ਅਤੇ ਵੱਖ ਵੱਖ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।
ਇਹ ਵੀ ਪੜ੍ਹੋ:'ਭੇਦਭਾਵ ਕਰਨ ਵਾਲੀਆਂ ਨਿਹੰਗ ਜਥੇਬੰਦੀਆਂ ਵਿਰੁੱਧ ਹੋਵੇ ਕਾਰਵਾਈ'