ਰੋਪੜ: ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ, ਸ਼ਹਿਰ ਦੀ ਸਰਕੂਲਰ ਰੋਡ 'ਤੇ ਅਕਸਰ ਟ੍ਰੈਫ਼ਿਕ ਜਾਮ ਲੱਗੇ ਰਹਿੰਦੇ ਹਨ। ਇਸ ਤੋਂ ਇਲਾਵਾ ਕਾਲਜ ਰੋਡ ਕਲਿਆਣ ਟਾਕੀ ਸਿਨੇਮਾ ਰੋਡ ਸਨਸਿਟੀ ਰੋਡ 'ਤੇ ਵੀ ਟ੍ਰੈਫ਼ਿਕ ਦੀ ਸਮੱਸਿਆ ਸਭ ਤੋਂ ਵੱਧ ਵੇਖਣ ਨੂੰ ਮਿਲਦੀ ਹੈ।
ਸਰਕਾਰੀ ਹਸਪਤਾਲ ਮਾਰਗ 'ਤੇ ਮੇਨ ਸੜਕ ਦੇ ਉਪਰ ਅਕਸਰ ਸਬਜ਼ੀ ਵੇਚਣ ਵਾਲਿਆਂ ਅਤੇ ਫ਼ਰੂਟ ਵੇਚਣ ਵਾਲੀਆਂ ਰੇਹੜੀਆਂ ਦੀ ਕਤਾਰ ਵੇਖਣ ਨੂੰ ਮਿਲਦੀ ਇਹ ਫ਼ਰੂਟ ਵੇਚਣ ਵਾਲੀਆਂ ਰੇਹੜੀਆਂ ਦੇ ਕਾਰਨ ਵੀ ਅਕਸਰ ਇੱਥੇ ਜਾਮ ਲੱਗੇ ਰਹਿੰਦੇ ਹਨ ।
ਇਸ ਸੜਕ 'ਤੇ ਵੀਰਵਾਰ ਨੂੰ ਇੱਥੋਂ ਗੁਜ਼ਰਨ ਵਾਲੀ ਇੱਕ ਐਂਬੂਲੈਂਸ ਨੂੰ ਵੀ ਸੜਕ ਜਾਮ ਦੇ ਵਿੱਚ ਨਿਕਲਣ ਵੇਲੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਐਂਬੂਲੈਂਸ ਦੇ ਚਾਲਕ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਸੜਕਾਂ 'ਤੇ ਅਕਸਰ ਜਾਮ ਲੱਗੇ ਰਹਿੰਦੇ ਹਨ ਉੱਥੇ ਹੀ ਜਾਮ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਮਰੀਜ਼ ਲਿਆਉਣ ਨੂੰ ਕਾਫ਼ੀ ਦਿੱਕਤ ਹੁੰਦੀ ਹੈ ਤੇ ਮੇਨ ਸੜਕਾਂ ਦੇ ਉੱਪਰ ਖੜ੍ਹੀਆਂ ਰੇਹੜੀਆਂ ਕਾਰਨ ਵੀ ਜਾਮ ਲੱਗਦਾ ਹੈ। ਪ੍ਰਸ਼ਾਸਨ ਇਸ ਦਾ ਕੋਈ ਹੱਲ ਕਰੇ ।
![ਮੇਨ ਸੜਕਾਂ ਤੇ ਖੜ੍ਹੀਆਂ ਰੇਹੜੀਆਂ ਕਾਰਨ ਲੱਗਦੇ ਜਾਮ](https://etvbharatimages.akamaized.net/etvbharat/prod-images/9191467_556_9191467_1602810071395.png)
ਰੋਪੜ ਸ਼ਹਿਰ ਦੀਆਂ ਮੇਨ ਸੜਕਾਂ ਦੇ ਉੱਪਰ ਖੜ੍ਹੀਆਂ ਸਬਜ਼ੀ ਅਤੇ ਫਰੂਟ ਵੇਚਣ ਵਾਲਿਆਂ ਦੀਆਂ ਰੇਹੜੀਆਂ ਬਾਰੇ ਜਦੋਂ ਰੋਪੜ ਦੇ ਕਾਰਜ ਸਾਧਕ ਅਫ਼ਸਰ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਟੀ ਪੁਲਸ ਦੀ ਮਦਦ ਨਾਲ ਉਨ੍ਹਾਂ ਵੱਲੋਂ ਇਨ੍ਹਾਂ ਰੇਹੜੀਆਂ ਨੂੰ ਅਕਸਰ ਹਟਾਉਣ ਦਾ ਯਤਨ ਕੀਤਾ ਜਾਂਦਾ ਹੈ।
ਪਰ ਉਸ ਦੇ ਬਾਵਜੂਦ ਇਹ ਰੇਹੜੀਆਂ ਇੱਥੇ ਦੁਬਾਰਾ ਲੱਗ ਜਾਂਦੀਆਂ ਹਨ। ਕਾਰਜ ਸਾਧਕ ਅਫ਼ਸਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ 24 ਘੰਟੇ ਇਨ੍ਹਾਂ ਦੀ ਨਿਗਰਾਨੀ ਨਹੀਂ ਕਰ ਸਕਦੇ। ਹਾਲਾਂਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜਿਸ ਕਾਰਨ ਬਾਜ਼ਾਰਾਂ ਤੇ ਮੇਨ ਸੜਕਾਂ ਦੇ ਉੱਪਰ ਲੋਕਾਂ ਦੀ ਕਾਫੀ ਭੀੜ ਰਹਿੰਦੀ ਹੈ। ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਮੇਨ ਸੜਕਾਂ 'ਤੇ ਰੇਹੜੀਆਂ ਹਟਾਉਣ ਦੀ ਮੁਹਿੰਮ ਜਾਰੀ ਹੈ ਅਤੇ ਉਹ ਲੋਕਾਂ ਨੂੰ ਸਮੱਸਿਆ ਨਹੀਂ ਆਉਣ ਦੇਣਗੇ।